‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਪੰਜਾਬ ਕੈਬਨਿਟ ਵਿੱਚੋਂ ਬਰਖਾਸਤ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਖਤੀ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਕੰਮ ਤੋਂ ਦੂਰ ਰੱਖਣ । ਮੁੱਖ ਮੰਤਰੀ ਮਾਨ ਨੇ ਵੱਖ ਵੱਖ ਵਿਭਾਗਾਂ ਤੋਂ ਫੀਡਬੈਕ ਲਈ ਸੀ ਜਿਸ ਵਿਚ ਇਹ ਸਾਹਮਣੇ ਆਇਆ ਕਿ ਕੁਝ ਮੰਤਰੀਆਂ ਦੀ ਪਤਨੀਆਂ, ਪੁੱਤਰ, ਭਤੀਜੇ ਅਤੇ ਭਾਣਜੇ ਸਰਕਾਰੀ ਕੰਮ ਵਿਚ ਦਖਲਅੰਦਾਜ਼ੀ ਕਰ ਰਹੇ ਹਨ।
ਇਸ ਦੇ ਮੱਦੇਨਜ਼ਰ ਮਾਨ ਨੇ ਮੰਤਰੀਆਂ ਨੂੰ ਬੁਲਾ ਕੇ ਵਿਸ਼ੇਸ਼ ਹਦਾਇਤ ਜਾਰੀ ਕੀਤੀ ਹੈ। ਮੁੱਖ ਮੰਤਰੀ ਮਾਨ ਨੇ ਆਪਣੇ ਪੱਧਰ ‘ਤੇ ਮੰਤਰੀਆਂ ਦੇ ਵਿਭਾਗ ਦੇ ਅਧਿਕਾਰੀਆਂ ਤੋਂ ਫੀਡਬੈਕ ਲਈ ਜਿਸ ਵਿੱਚ ਇਹ ਸਾਹਮਣੇ ਆਇਆ ਕਿ ਇੱਕ ਮੰਤਰੀ ਦੀ ਪਤਨੀ ਸਰਕਾਰੀ ਕੰਮ ਵਿੱਚ ਬਹੁਤ ਜ਼ਿਆਦਾ ਹਿੱਸਾ ਲੈ ਰਹੀ ਹੈ। ਦੂਜੇ ਪਾਸੇ ਇੱਕ ਮੰਤਰੀ ਦਾ ਭਾਣਜਾ ਵੀ ਸਰਕਾਰੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਆਪਣੀ ਸਲਾਹ ਦੇ ਰਿਹਾ ਹੈ ਅਤੇ ਇਕ ਮੰਤਰੀ ਦਾ ਪੁੱਤਰ ਆਪਣੇ ਪਿਤਾ ਦੇ ਨਾਂ ‘ਤੇ ਲੋਕਾਂ ਨੂੰ ਮਿਲ ਰਿਹਾ ਹੈ। ਇਸ ਨੂੰ ਦੇਖਦੇ ਹੋਏ ਮਾਨ ਨੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਦਾ ਵੀ ਸਟਿੰਗ ਆਪ੍ਰੇਸ਼ਨ ਹੋ ਸਕਦਾ ਹੈ। ਜਿਸ ਕਾਰਨ ਸਿੱਧੀ ਕੁਰਸੀ ਚਲੀ ਜਾਵੇਗੀ, ਜਿਵੇਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਗਵਾਉਣੀ ਪਈ।