The Khalas Tv Blog Punjab ਸ੍ਰੀ ਦਰਬਾਰ ਸਾਹਿਬ ਦੀ AI ਵੀਡੀਓ ’ਤੇ ਕਾਰਵਾਈ ’ਚ ਦੇਰੀ, ਜਥੇਦਾਰ ਗੜਗੱਜ ਨੇ ਚੁੱਕੇ ਸਵਾਲ
Punjab Religion Technology

ਸ੍ਰੀ ਦਰਬਾਰ ਸਾਹਿਬ ਦੀ AI ਵੀਡੀਓ ’ਤੇ ਕਾਰਵਾਈ ’ਚ ਦੇਰੀ, ਜਥੇਦਾਰ ਗੜਗੱਜ ਨੇ ਚੁੱਕੇ ਸਵਾਲ

ਬਿਊਰੋ ਰਿਪੋਰਟ (27 ਅਕਤੂਬਰ, 2025): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਾਲਵਾ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ, ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕ ਨਾਲ ਤਿਆਰ ਕੀਤੀ ਗਈ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਦੀ ਵਿਵਾਦਿਤ ਵੀਡੀਓ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਕਾਰਵਾਈ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਕਿਸੇ ਰਾਜਨੇਤਾ ਜਾਂ ਮੁੱਖ ਮੰਤਰੀ ਨਾਲ ਜੁੜੀ AI ਵੀਡੀਓ ਵਾਇਰਲ ਹੁੰਦੀ ਹੈ, ਤਾਂ ਸਰਕਾਰਾਂ 24 ਘੰਟਿਆਂ ਦੇ ਅੰਦਰ ਉਸ ਨੂੰ ਹਟਾਉਣ ਦੇ ਹੁਕਮ ਜਾਰੀ ਕਰ ਦਿੰਦੀਆਂ ਹਨ, ਪਰ ਧਾਰਮਿਕ ਸਥਾਨਾਂ ਨਾਲ ਜੁੜੇ ਮਾਮਲਿਆਂ ਵਿੱਚ ਇਹੋ ਜਿਹੀ ਤੇਜ਼ੀ ਕਿਉਂ ਨਹੀਂ ਦਿਖਾਈ ਜਾਂਦੀ?

24 ਘੰਟਿਆਂ ਵਿੱਚ ਹਟਾਉਣ ਦੇ ਹੁਕਮ ਦੀ ਮੰਗ

ਜਥੇਦਾਰ ਗੜਗੱਜ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਸ੍ਰੀ ਹਰਿਮੰਦਰ ਸਾਹਿਬ ਜਾਂ ਕਿਸੇ ਵੀ ਪਵਿੱਤਰ ਧਾਰਮਿਕ ਸਥਾਨ ਦੀ ਕੋਈ ਵੀ ਇਤਰਾਜ਼ਯੋਗ ਜਾਂ ਛੇੜਛਾੜ ਕੀਤੀ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ ’ਤੇ ਆਉਂਦੀ ਹੈ, ਤਾਂ ਉਸ ਨੂੰ 24 ਘੰਟਿਆਂ ਦੇ ਅੰਦਰ ਹਟਾਉਣ ਦੇ ਸਖ਼ਤ ਹੁਕਮ ਦਿੱਤੇ ਜਾਣ।

ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਸੋਸ਼ਲ ਮੀਡੀਆ ਕੰਪਨੀਆਂ ਨੂੰ ਨਿਰਦੇਸ਼ ਦੇਣੇ ਚਾਹੀਦੇ ਹਨ ਕਿ ਅਜਿਹੀ ਇਤਰਾਜ਼ਯੋਗ ਸਮੱਗਰੀ ਤਿਆਰ ਹੀ ਨਾ ਹੋ ਸਕੇ। ਜੇ ਕੋਈ ਅਜਿਹਾ ਕਰਦਾ ਹੈ, ਤਾਂ ਉਸ ਦੀ ਪਛਾਣ ਕਰਕੇ ਤੁਰੰਤ ਗ੍ਰਿਫ਼ਤਾਰੀ ਕੀਤੀ ਜਾਵੇ।

ਜਥੇਦਾਰ ਨੇ ਚੇਤਾਵਨੀ ਦਿੱਤੀ ਕਿ ਸ੍ਰੀ ਦਰਬਾਰ ਸਾਹਿਬ ਸਿੱਖਾਂ ਦੇ ਦਿਲਾਂ ਵਿੱਚ ਵਸਦਾ ਹੈ ਅਤੇ ਇਸਦੀ ਮਾਣ-ਮਰਿਆਦਾ ਦੀ ਰਾਖੀ ਕਰਨਾ ਹਰ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਮੁੱਦੇ ’ਤੇ ਢੁੱਕਵੇਂ ਕਦਮ ਨਾ ਚੁੱਕਣ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੇਗੀ।

Exit mobile version