ਕੇਂਦਰ ਸਰਕਾਰ ਨੇ ਸੋਨੇ ਅਤੇ ਚਾਂਦੀ ਦੀ ਆਯਾਤ ‘ਤੇ ਡਿਊਟੀ ਵਧਾ ਕੇ 6 ਫੀਸਦੀ ਤੋਂ 15 ਫੀਸਦੀ ਕਰ ਦਿੱਤੀ ਹੈ। ਬੁੱਧਵਾਰ ਨੂੰ ਜਾਰੀ ਇਸ ਹੁਕਮ ਤੋਂ ਬਾਅਦ ਬੁੱਧਵਾਰ 13 ਮਈ ਨੂੰ MCX ਫਿਊਚਰਜ਼ ਬਾਜ਼ਾਰ ‘ਚ ਸੋਨਾ 10,000 ਰੁਪਏ ਅਤੇ ਚਾਂਦੀ 18,000 ਰੁਪਏ ਮਹਿੰਗੀ ਹੋ ਗਈ। ਇਸ ਤੋਂ ਬਾਅਦ 10 ਗ੍ਰਾਮ ਸੋਨੇ ਦੀ ਕੀਮਤ 1.63 ਲੱਖ ਰੁਪਏ ਅਤੇ ਇੱਕ ਕਿਲੋ ਚਾਂਦੀ ਦੀ ਕੀਮਤ 2.97 ਲੱਖ ਰੁਪਏ ਤੱਕ ਪਹੁੰਚ ਗਈ ਹੈ।
ਸਰਕਾਰ ਦਾ ਮੁੱਖ ਉਦੇਸ਼ ਵਿਦੇਸ਼ੀ ਖਰੀਦਦਾਰੀ ਘਟਾਉਣਾ ਅਤੇ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ‘ਤੇ ਵਧਦੇ ਦਬਾਅ ਨੂੰ ਘੱਟ ਕਰਨਾ ਹੈ। ਇਹ ਫੈਸਲਾ ਅਮਰੀਕਾ-ਈਰਾਨ ਵਿਚਾਲੇ ਤਣਾਅ ਵਾਲੀ ਸਥਿਤੀ ਵਿਚ ਲਿਆ ਗਿਆ ਹੈ। ਸਰਕਾਰ ਨੇ ਸੋਨੇ ‘ਤੇ 10 ਫੀਸਦੀ ਮੂਲ ਕਸਟਮ ਡਿਊਟੀ ਅਤੇ 5 ਫੀਸਦੀ ਖੇਤੀਬਾੜੀ ਬੁਨਿਆਦੀ ਢਾਂਚਾ ਅਤੇ ਵਿਕਾਸ ਸੈੱਸ (AIDC) ਲਗਾਇਆ ਹੈ, ਜਿਸ ਨਾਲ ਕੁੱਲ ਟੈਕਸ 15 ਫੀਸਦੀ ਹੋ ਗਿਆ ਹੈ। ਇਸ ਤੋਂ ਪਹਿਲਾਂ 2024 ਦੇ ਬਜਟ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਯਾਤ ਡਿਊਟੀ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਕੀਤੀ ਸੀ।
ਉਦਯੋਗ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਟੈਕਸ ਵਧਾਉਣ ਨਾਲ ਤਸਕਰੀ ਵਧ ਸਕਦੀ ਹੈ। ਪਹਿਲਾਂ ਡਿਊਟੀ ਘਟਾਉਣ ਨਾਲ ਤਸਕਰੀ ਘੱਟ ਹੋਈ ਸੀ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਰਾਸ਼ਟਰੀ ਸਕੱਤਰ ਸੁਰੇਂਦਰ ਮਹਿਤਾ ਨੇ ਕਿਹਾ ਕਿ ਇਹ ਕਦਮ ਚਾਲੂ ਖਾਤੇ ਦੇ ਘਾਟੇ ਨੂੰ ਕੰਟਰੋਲ ਕਰਨ ਲਈ ਚੁੱਕਿਆ ਗਿਆ ਹੈ। ਉੱਚੀਆਂ ਕੀਮਤਾਂ ਕਾਰਨ ਇਸ ਫੈਸਲੇ ਨਾਲ ਮੰਗ ਵੀ ਪ੍ਰਭਾਵਿਤ ਹੋ ਸਕਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਾਂ ਨੂੰ ਲਗਾਤਾਰ ਦੋ ਦਿਨ (10 ਅਤੇ 11 ਮਈ) ਅਪੀਲ ਕੀਤੀ ਕਿ ਉਹ ਇੱਕ ਸਾਲ ਤੱਕ ਸੋਨਾ ਖਰੀਦਣ ਤੋਂ ਪਰਹੇਜ਼ ਕਰਨ। ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਲੋਕ ਸੰਕਟ ਵੇਲੇ ਦੇਸ਼ ਲਈ ਸੋਨਾ ਦਾਨ ਕਰਦੇ ਸਨ। ਅੱਜ ਦਾਨ ਦੀ ਲੋੜ ਨਹੀਂ ਪਰ ਦੇਸ਼ ਦੇ ਹਿਤ ਵਿਚ ਗਹਿਣੇ ਖਰੀਦਣ ਤੋਂ ਇੱਕ ਸਾਲ ਰੋਕਣ ਦਾ ਸੰਕਲਪ ਲੈਣਾ ਚਾਹੀਦਾ ਹੈ, ਭਾਵੇਂ ਕੋਈ ਪਰਿਵਾਰਕ ਸਮਾਗਮ ਹੋਵੇ। ਸਾਡੀ ਦੇਸ਼ਭਗਤੀ ਵਿਦੇਸ਼ੀ ਮੁਦਰਾ ਬਚਾਉਣ ਲਈ ਚੁਣੌਤੀ ਹੈ ਅਤੇ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ।
ਇਸ ਫੈਸਲੇ ਨਾਲ ਬਾਜ਼ਾਰ ਵਿਚ ਅਸਥਿਰਤਾ ਵਧੀ ਹੈ ਅਤੇ ਖਪਤਕਾਰਾਂ ਲਈ ਸੋਨਾ ਮਹਿੰਗਾ ਹੋਣ ਨਾਲ ਜਵੈਲਰੀ ਉਦਯੋਗ ‘ਤੇ ਵੀ ਅਸਰ ਪੈਣ ਦੀ ਉਮੀਦ ਹੈ। ਸਰਕਾਰ ਵਿਦੇਸ਼ੀ ਮੁਦਰਾ ਬਚਾਉਣ ਅਤੇ ਆਰਥਿਕ ਸੰਤੁਲਨ ਬਣਾਈ ਰੱਖਣ ਲਈ ਇਹ ਕਦਮ ਚੁੱਕ ਰਹੀ ਹੈ।


