ਮਹਾਰਾਸ਼ਟਰ ਦੇ ਵਸਈ (ਪਾਲਘਰ) ਇਲਾਕੇ ਦੇ ਕੁਵਾਰਾ ਪਾੜਾ ਵਿਖੇ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। 13 ਸਾਲਾ ਛੇਵੀਂ ਜਮਾਤ ਦੀ ਵਿਦਿਆਰਥਣ ਪੂਜਾ ਕੁੰਦਨ ਯਾਦਵ ਦੀ 15 ਨਵੰਬਰ (ਬਾਲ ਦਿਵਸ) ਨੂੰ ਮੁੰਬਈ ਦੇ ਜੇ ਜੇਜੇ ਹਸਪਤਾਲ ਵਿਚ ਮੌਤ ਹੋ ਗਈ। ਪਰਿਵਾਰ ਦਾ ਸਿੱਧਾ ਇਲਜ਼ਾਮ ਹੈ ਕਿ 8 ਨਵੰਬਰ ਨੂੰ ਸਕੂਲ ਵਿਚ ਦੇਰੀ ਨਾਲ ਪਹੁੰਚਣ ’ਤੇ ਅਧਿਆਪਕ ਨੇ ਪੂਜਾ ਸਮੇਤ ਕਈ ਬੱਚਿਆਂ ਨੂੰ 100-100 ਵਾਰ ਬੈਠਕਾਂ (ਸਕੁਐਟਸ) ਕੱਢਣ ਦੀ ਸਜ਼ਾ ਦਿੱਤੀ ਸੀ। ਕਈ ਬੱਚਿਆਂ ਨੇ ਬੈਗ ਮੋਢਿਆਂ ’ਤੇ ਰੱਖ ਕੇ ਇਹ ਸਜ਼ਾ ਪੂਰੀ ਕੀਤੀ।
ਘਰ ਪਰਤਣ ਤੋਂ ਬਾਅਦ ਪੂਜਾ ਦੀ ਤਬੀਅਤ ਅਚਾਨਕ ਬਹੁਤ ਖ਼ਰਾਬ ਹੋ ਗਈ। ਉਸ ਨੂੰ ਤੁਰੰਤ ਵਸਈ ਦੇ ਆਸਥਾ ਹਸਪਤਾਲ ਲਿਜਾਇਆ ਗਿਆ, ਫਿਰ ਇੱਕ ਹੋਰ ਪ੍ਰਾਈਵੇਟ ਹਸਪਤਾਲ ਅਤੇ ਆਖ਼ਰ ਵਿਚ ਮੁੰਬਈ ਦੇ ਜੇਜੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਪਰ 15 ਨਵੰਬਰ ਨੂੰ ਉਸ ਨੇ ਦਮ ਤੋੜ ਦਿੱਤਾ। ਪਰਿਵਾਰ ਮੁਤਾਬਕ ਬੈਠਕਾਂ ਮਾਰਨ ਤੋਂ ਬਾਅਦ ਹੀ ਉਸ ਦੀ ਹਾਲਤ ਵਿਗੜੀ ਸੀ।
ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ’ਤੇ ਏਡੀਆਰ (Accidental Death Report) ਦਰਜ ਕੀਤੀ ਹੈ। ਪ੍ਰਾਥਮਿਕ ਪੋਸਟਮਾਰਟਮ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਬੱਚੀ ਵਿਚ ਹਿਮੋਗਲੋਬਿਨ ਕੇਵਲ 4 ਗ੍ਰਾਮ/ਡੀਐੱਲ ਸੀ, ਜੋ ਬਹੁਤ ਘੱਟ ਹੁੰਦਾ ਹੈ ਤੇ ਗੰਭੀਰ ਐਨੀਮੀਆ ਦੱਸਦਾ ਹੈ। ਫਿਲਹਾਲ ਪੂਰੀ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਹੈ, ਜਿਸ ਤੋਂ ਬਾਅਦ ਹੀ ਮੌਤ ਦਾ ਅਸਲ ਕਾਰਨ ਸਪੱਸ਼ਟ ਹੋ ਸਕੇਗਾ।
ਘਟਨਾ ਸਾਹਮਣੇ ਆਉਣ ਤੋਂ ਬਾਅਦ ਸੂਬੇ ਭਰ ਵਿਚ ਰੋਸ ਪ੍ਰਗਟ ਹੋ ਰਿਹਾ ਹੈ। ਸਿੱਖਿਆ ਵਿਭਾਗ ਨੇ ਵੀ ਸਖ਼ਤ ਨੋਟਿਸ ਲਿਆ ਹੈ। ਪਾਲਘਰ ਜ਼ਿਲ੍ਹੇ ਦੀ ਪ੍ਰਾਇਮਰੀ ਸਿੱਖਿਆ ਅਧਿਕਾਰੀ ਸੋਨਾਲੀ ਮਾਟੇਕਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸ਼ਾਰੀਰਿਕ ਸਜ਼ਾ ਦੇਣਾ ਬਿਲਕੁਲ ਗ਼ਲਤ ਤੇ ਗ਼ੈਰ-ਕਾਨੂੰਨੀ ਹੈ। ਇਸਕੂਲ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ। ਜੇਕਰ ਅਧਿਆਪਕ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਵਿਰੁੱਧ ਸਖ਼ਤ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਘਟਨਾ ਨੇ ਇੱਕ ਵਾਰ ਫਿਰ ਸਕੂਲਾਂ ਵਿਚ ਸ਼ਾਰੀਰਿਕ ਸਜ਼ਾਵਾਂ ਦੇ ਮੁੱਦੇ ਨੂੰ ਉਭਾਰ ਦਿੱਤਾ ਹੈ। ਮਾਹਿਰਾਂ ਮੁਤਾਬਕ ਬੱਚਿਆਂ ਨੂੰ ਬੈਠਕਾਂ, ਖੜ੍ਹੇ ਰੱਖਣ ਜਾਂ ਹੋਰ ਸਖ਼ਤ ਸਜ਼ਾਵਾਂ ਦੇਣਾ ਨਾ ਸਿਰਫ਼ ਮਾਨਸਿਕ ਤੇ ਸ਼ਾਰੀਰਿਕ ਨੁਕਸਾਨ ਕਰਦਾ ਹੈ ਸਗੋਂ ਕਈ ਵਾਰ ਜਾਨਲੇਵਾ ਵੀ ਸਾਬਤ ਹੁੰਦਾ ਹੈ। ਪੰਜਾਬ ਸਮੇਤ ਕਈ ਸੂਬਿਆਂ ਵਿਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।

