The Khalas Tv Blog Punjab ਗਿਰਦਾਵਰੀ ‘ਚ ਦੇਰੀ ਨਹੀਂ ਹੋਵੇਗੀ ਬਰਦਾਸ਼ਤ ! ਖੇਤੀਬਾੜੀ ਮੰਤਰੀ ਨੇ ਨੰਬਰ ਕੀਤਾ ਜਾਰੀ ! ਕਿਹਾ ਸਿੱਧਾ ਮੈਨੂੰ ਕਰੋ ਸ਼ਿਕਾਇਤ !
Punjab

ਗਿਰਦਾਵਰੀ ‘ਚ ਦੇਰੀ ਨਹੀਂ ਹੋਵੇਗੀ ਬਰਦਾਸ਼ਤ ! ਖੇਤੀਬਾੜੀ ਮੰਤਰੀ ਨੇ ਨੰਬਰ ਕੀਤਾ ਜਾਰੀ ! ਕਿਹਾ ਸਿੱਧਾ ਮੈਨੂੰ ਕਰੋ ਸ਼ਿਕਾਇਤ !

ਬਿਊਰੋ ਰਿਪੋਰਟ : ਪੰਜਾਬ ਵਿੱਚ ਬੇਮੌਸਮੀ ਮੀਂਹ ਦੀ ਵਜ੍ਹਾ ਕਰਕੇ ਕਣਕ ਦੀ ਨੁਕਸਾਨੀ ਗਈ ਫਸਲ ਦੇ ਲਈ ਪੂਰੇ ਸੂਬੇ ਵਿੱਚ ਗਿਰਦਾਵਰੀ ਦਾ ਕੰਮ ਹੋ ਰਿਹਾ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਵਿਸਾਖੀ ਵਾਲੇ ਦਿਨ ਤੱਕ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਦੇ ਦਿੱਤੇ ਜਾਣਗੇ । ਅਜਿਹੇ ਵਿੱਚ ਫਿਰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗਿਰਦਾਵਰੀ ਹੁਣ ਤੱਕ ਸ਼ੁਰੂ ਨਹੀਂ ਹੋਈ ਹੈ । ਹਾਲਾਂਕਿ ਮੁੱਖ ਮੰਤਰੀ ਨੇ ਸਾਰੇ ਵਿਧਾਇਕਾਂ ਨੂੰ ਆਪੋ ਆਪਣੇ ਹਲਕੇ ਵਿੱਚ ਗਿਰਦਾਵਰੀ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ । ਉਧਰ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪ ਹੁਣ ਇਸ ਦੀ ਕਮਾਨ ਸੰਭਾਲ ਲਈ ਹੈ ਅਤੇ ਇੱਕ ਨੰਬਰ ਜਾਰੀ ਕੀਤਾ ਹੈ ।

ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਰਮਦਾਸ ਖੇਤਰ ਵਿੱਚ ਆਪ ਗਿਰਦਾਵਰੀ ਦੀ ਕਾਰਵਾਈ ਆਪਣੀ ਨਿਗਰਾਨੀ ਵਿੱਚ ਕਰਵਾਉਣ ਪਹੁੰਚੇ ਸਨ ਇਸ ਦੌਰਾਨ ਉਨ੍ਹਾਂ ਕਿਹਾ ਮੇਰੇ ਕਿਸੇ ਵੀ ਕਿਸਾਨ ਭਰਾ ਨਾਲ ਧੋਖਾ ਨਾ ਹੋ ਸਕੇ ਇਸ ਦੇ ਲਈ ਵੱਟਸਐੱਪ ਨੰਬਰ 9309388088 ਜਾਰੀ ਕੀਤਾ ਹੈ । ਜੇਕਰ ਗਿਰਦਾਵਰੀ ਵਿੱਚ ਦੇਰੀ ਹੋ ਰਹੀ ਹੈ ਜਾਂ ਫਿਰ ਖੇਤੀਬਾੜੀ ਅਫਸਰ ਵੱਲੋਂ ਸਹੀ ਤਰ੍ਹਾਂ ਨਾਲ ਗਿਰਦਾਵਰੀ ਨਹੀਂ ਕੀਤੀ ਜਾ ਰਹੀ ਹੈ ਤਾਂ ਉਹ ਇਸ ਦੀ ਸ਼ਿਕਾਇਤ ਕਰ ਸਕਦੇ ਹਨ ।

ਉਧਰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਕਣਕ ਖਰੀਦ ਦੇ ਨਿਯਮਾਂ ਵਿੱਚ ਢਿੱਲ ਦੇਣ ਦੀ ਅਪੀਲ ਕੀਤੀ ਸੀ । ਕੇਂਦਰੀ ਖੁਰਾਕ ਸਕੱਤਰ ਸੰਜੀਵ ਚੌਪੜਾ ਨੇ ਕਿਹਾ ਹੈ ਕਿ ਪੰਜਾਬ ਤੇ ਹਰਿਆਣਾ ’ਚ ਫ਼ਸਲੀ ਨੁਕਸਾਨ ਦੇ ਮੱਦੇਨਜ਼ਰ ਗੁਣਵੱਤਾ ਦੇ ਕੇਂਦਰੀ ਮਾਪਦੰਡਾਂ ਵਿਚ ਢਿੱਲ ਦੇਣ ਬਾਰੇ ਫ਼ੈਸਲਾ ਜਲਦੀ ਹੀ ਕੀਤਾ ਜਾਵੇਗਾ।ਪੰਜਾਬ ਦੇ 16 ਜ਼ਿਲ੍ਹਿਆਂ ਅਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿਚ ਨੁਕਸਾਨ ਹੋਣ ਦੀ ਗੱਲ ਸਾਹਮਣੇ ਆਈ ਹੈ। ਜਿਸ ਨਾਲ ਇਨ੍ਹਾਂ ਦੋਵਾਂ ਸੂਬਿਆਂ ਵਿਚ ਕਣਕ ਦੀ ਪੈਦਾਵਾਰ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਹੈ। ਇਸ ਸੰਬੰਧ ਵਿੱਚ ਰਿਪੋਰਟ ਪ੍ਰਾਪਤ ਹੋਣ ਮਗਰੋਂ ਖ਼ਰੀਦ ਨਿਯਮਾਂ ਵਿਚ ਢਿੱਲ ਦੇਣ ਬਾਰੇ ਅਗਲੇ ਹਫ਼ਤੇ ਫ਼ੈਸਲਾ ਲਿਆ ਜਾਵੇਗਾ।

ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਪਰਸੋਂ ਹੀ ਕੇਂਦਰੀ ਖ਼ੁਰਾਕ ਮੰਤਰਾਲੇ ਨੂੰ ਪੱਤਰ ਭੇਜ ਕੇ ਪੰਜਾਬ ਵਿਚ ਕਣਕ ਦੀ ਪ੍ਰਭਾਵਿਤ ਫ਼ਸਲ ਅਤੇ ਕਿਸਾਨਾਂ ਦੀ ਵਿੱਤੀ ਸਥਿਤੀ ਤੋਂ ਜਾਣੂ ਕਰਾਇਆ ਹੈ। ਉਨ੍ਹਾਂ ਕਣਕ ਦਾ ਝਾੜ ਘਟਣ ਅਤੇ ਫ਼ਸਲ ਦੀ ਗੁਣਵੱਤਾ ਪ੍ਰਭਾਵਿਤ ਹੋਣ ਦਾ ਮੁੱਦਾ ਚੁੱਕਿਆ ਹੈ। ਪੱਤਰ ’ਚ ਲਿਖਿਆ ਹੈ ਕਿ ਬਾਰਸ਼ਾਂ ਕਰਕੇ ਫ਼ਸਲ ਦੇ ਬਦਰੰਗ ਹੋਣ, ਦਾਣਿਆਂ ਦੀ ਟੁੱਟ ਅਤੇ ਲਸਟਰ ਲੌਸ ਦੀ ਵਧੇਰੇ ਸੰਭਾਵਨਾ ਹੈ। ਲਸਟਰ ਲੌਸ ਜ਼ਿਆਦਾ ਹੋਣ ਕਰਕੇ ਫ਼ਸਲ ਨੂੰ ਕੇਂਦਰੀ ਮਾਪਦੰਡਾਂ ’ਤੇ ਖ਼ਰੀਦ ਕਰਨਾ ਮੁਸ਼ਕਲ ਹੈ।

ਪੰਜਾਬ ਸਰਕਾਰ ਨੇ ਮੰਗ ਕੀਤੀ ਹੈ ਕਿ ਨੁਕਸਾਨੀ ਫ਼ਸਲ ਦੀ ਖ਼ਰੀਦ ਦੇ ਭਾਅ ਵਿਚ ਕਿਸੇ ਤਰ੍ਹਾਂ ਦੀ ਕੋਈ ਕਟੌਤੀ ਨਾ ਕੀਤੀ ਜਾਵੇ ਅਤੇ ਕੇਂਦਰ ਪੰਜਾਬ ਦੀ ਕਿਸਾਨੀ ਨੂੰ ਪਈ ਇਸ ਕੁਦਰਤੀ ਮਾਰ ਕਰਕੇ ਮਾਮਲਾ ਹਮਦਰਦੀ ਨਾਲ ਵਿਚਾਰੇ। ਅਗਰ ਸੂਬੇ ਵਿਚ ਖ਼ਰੀਦ ਰੁਕਦੀ ਹੈ ਤਾਂ ਕਿਸਾਨਾਂ ਵਿਚ ਵੱਡੀ ਬੇਚੈਨੀ ਵੀ ਫੈਲ ਸਕਦੀ ਹੈ। ਪੰਜਾਬ ਵਿਚ 13.60 ਲੱਖ ਹੈਕਟੇਅਰ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਚੁੱਕਾ ਹੈ। ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਸੂਬੇ ਵਿਚ ਇਸ ਵੇਲੇ ਗਿਰਦਾਵਰੀ ਦਾ ਕੰਮ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ।

Exit mobile version