The Khalas Tv Blog Punjab ਗਿਆਨੀ ਰਘਬੀਰ ਸਿੰਘ ਨੇ ਘੜੂੰਆਂ ਵਿਖੇ ਹੋਈ ਸ਼ੂਟਿੰਗ ਨੂੰ ਦੱਸਿਆ ਗਲਤ, ਦਿੱਤਾ ਸਖਤ ਬਿਆਨ
Punjab

ਗਿਆਨੀ ਰਘਬੀਰ ਸਿੰਘ ਨੇ ਘੜੂੰਆਂ ਵਿਖੇ ਹੋਈ ਸ਼ੂਟਿੰਗ ਨੂੰ ਦੱਸਿਆ ਗਲਤ, ਦਿੱਤਾ ਸਖਤ ਬਿਆਨ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਨੇੜਲੇ ਘੜੂੰਆਂ ਵਿਖੇ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਸੈੱਟ ਲਗਾ ਕੇ ਨਕਲੀ ਗੁਰਦੁਆਰਾ ਸਾਹਿਬ ਵਿਚ ਨਕਲੀ ਅਨੰਦ ਕਾਰਜ ਦੇ ਫਿਲਮਾਂਕਣ ਦੀ ਘਟਨਾ ‘ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਆਖਿਆ ਹੈ ਕਿ ਫਿਲਮੀ ਖੇਤਰ ਦੇ ਲੋਕ ਆਪਣੇ ਵਪਾਰ ਨੂੰ ਮੁੱਖ ਰੱਖ ਕੇ ਸਿੱਖ ਪਰੰਪਰਾਵਾਂ ਨਾਲ ਖਿਲਵਾੜ ਕਰਨ ਵਾਲੀਆਂ ਹਰਕਤਾਂ ਤੋਂ ਬਾਜ਼ ਆਉਣ ਨਹੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਉਨ੍ਹਾਂ ਖ਼ਿਲਾਫ਼ ਸਖ਼ਤੀ ਵਰਤਣੀ ਪਵੇਗੀ।

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ-ਜੋਤਿ ਗੁਰੂ ਹਨ ਅਤੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਾਟਕਾਂ ਤੇ ਨਕਲੀ ਵਿਆਹਾਂ ਦੇ ਫਿਲਮਾਂਕਣ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸਿੱਖ ਪੰਥ ਵਲੋਂ ਬਹੁਤ ਦੇਰ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਜਾਂ ਗੁਰਦੁਆਰਾ ਸਾਹਿਬਾਨ ਵਿਚ ਨਕਲੀ ਵਿਆਹਾਂ ਦੇ ਫਿਲਮਾਂਕਣ ‘ਤੇ ਰੋਕ ਲਗਾਈ ਹੋਈ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਫਿਲਮਾਂ ਤੇ ਟੀ.ਵੀ. ਸੀਰੀਅਲਾਂ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਕਲੀ ਵਿਆਹਾਂ ਨੂੰ ਫਿਲਮਾਉਣ ਤੋਂ ਬਾਜ਼ ਨਹੀਂ ਆ ਰਹੇ ਅਤੇ ਘੜੂੰਆਂ ਵਿਚ ਨਕਲੀ ਗੁਰਦੁਆਰਾ ਸਾਹਿਬ ਤਿਆਰ ਕਰਕੇ, ਨਕਲੀ ਅਨੰਦ ਕਾਰਜ ਦੇ ਫਿਲਮਾਂਕਣ ਦੀ ਘਟਨਾ ਨੇ ਹਰੇਕ ਸ਼ਰਧਾਵਾਨ ਸਿੱਖ ਦੇ ਮਨ ਨੂੰ ਭਾਰੀ ਠੇਸ ਪਹੁੰਚਾਈ ਹੈ।

ਉਨ੍ਹਾਂ ਕਿਹਾ ਕਿ ਬੇਸ਼ੱਕ ਅਨੰਦ ਕਾਰਜ ਦੇ ਫਿਲਮਾਂਕਣ ਲਈ ਨਕਲੀ ਗੁਰਦੁਆਰਾ ਸਾਹਿਬ ਹੀ ਕਿਉਂ ਨਾ ਤਿਆਰ ਕੀਤਾ ਗਿਆ ਹੋਵੇ, ਅਜਿਹਾ ਕਰਨਾ ਵੀ ਸਿੱਖ ਪਰੰਪਰਾਵਾਂ ਦੇ ਉਲਟ ਹੈ ਅਤੇ ਘੜੂੰਆਂ ਵਿਖੇ ਗੁਰਦੁਆਰਾ ਸਾਹਿਬ ਦਾ ਨਕਲੀ ਸੈੱਟ ਲਗਾ ਕੇ ਸ਼ੂਟਿੰਗ ਦੌਰਾਨ ਉੱਥੇ ਫਿਲਮੀ ਅਦਾਕਾਰਾਂ ਵਲੋ ਸਿਗਰਟਨੋਸ਼ੀ ਕਰਨ ਦੀ ਵੀ ਸੂਚਨਾ ਮਿਲੀ ਹੈ, ਜੋ ਕਿ ਨਾ-ਕਾਬਲੇ ਬਰਦਾਸ਼ਤ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਉਹ ਜਲਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਘੜੂੰਆਂ ਵਿਖੇ ਨਕਲੀ ਗੁਰਦੁਆਰਾ ਸਾਹਿਬ ਤਿਆਰ ਕਰਕੇ ਅਨੰਦ ਕਾਰਜ ਦੇ ਫਿਲਮਾਂਕਣ ਦੀ ਪੂਰੀ ਘਟਨਾ ਦੀ ਰਿਪੋਰਟ ਮੰਗਵਾਉਣਗੇ ਅਤੇ ਦੋਸ਼ੀਆਂ ਖ਼ਿਲਾਫ਼ ਸ਼੍ਰੋਮਣੀ ਕਮੇਟੀ ਨੂੰ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦੇਣਗੇ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਸ ਦੌਰਾਨ ਜਿਹੜੇ ਸਾਬਤ ਸੂਰਤ ਸਿੱਖ ਅਦਾਕਾਰ/ ਨਿਰਦੇਸ਼ਕ ਜਾਂ ਸਹਾਇਕ ਕਰਮੀ ਸਿੱਖ ਮਰਿਆਦਾ ਦੀ ਉਲੰਘਣਾ ਦੀ ਘਟਨਾ ਵਿਚ ਦੋਸ਼ੀ ਜਾਂ ਮਦਦਗਾਰ ਪਾਏ ਗਏ। ਉਨ੍ਹਾਂ ਖ਼ਿਲਾਫ਼ ਸਿੱਖ ਪਰੰਪਰਾਵਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਬਹੁਤ ਜਲਦ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਭਵਿੱਖ ਲਈ ਫਿਲਮਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਅਨੰਦ ਕਾਰਜ ਦਿਖਾਉਣ ‘ਤੇ ਪਾਬੰਦੀ ਸਬੰਧੀ ਸਖ਼ਤ ਫੈਸਲਾ ਵੀ ਲਿਆ ਜਾਵੇਗਾ।

Exit mobile version