The Khalas Tv Blog Punjab ਵਲਟੋਹਾ ਦੀ ਵੀਡੀਓ ‘ਤੇ ਗਿਆਨੀ ਹਰਪ੍ਰੀਤ ਸਿੰਘ ਦਾ ਜਵਾਬ, ਵੀਡੀਓ ਜਨਤਕ ਕਰਨ ਦੀ ਕੀਤੀ ਮੰਗ
Punjab Religion

ਵਲਟੋਹਾ ਦੀ ਵੀਡੀਓ ‘ਤੇ ਗਿਆਨੀ ਹਰਪ੍ਰੀਤ ਸਿੰਘ ਦਾ ਜਵਾਬ, ਵੀਡੀਓ ਜਨਤਕ ਕਰਨ ਦੀ ਕੀਤੀ ਮੰਗ

ਮੁਹਾਲੀ : ਵਿਰਸਾ ਸਿੰਘ ਵਲਟੋਹਾ ਵੱਲੋਂ ਲਗਾਅ ਗਏ ਇਲਜ਼ਾਮਾਂ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨੀਵਾਂ ਦਿਖਾਉਣ ਦੇ ਲਈ 27 ਸਕਿੰਡ ਦਾ ਇੱਕ ਕਲਿੱਪ ਕੱਟ ਕੇ ਲੋਕਾਂ ਨੂੰ ਦਿਖਾ ਰਹੇ ਨੇ ਜੇਕਰ ਹਿੰਮਤ ਹੈ ਤੀਂ ਪੂਰੀ ਵੀਡੀਓ ਦਿਖਾਉਣ। ਉਨ੍ਹਾਂ ਨੇ ਕਿਹਾ ਕਿ ਮੇਰਾ ਗੁਨਾਹ ਹੈ ਕਿ ਪੰਜ ਸਿੰਘ ਸਾਹਿਬਾਨਾਂ ਦੇ ਫੈਸਲੇ ਵਿੱਚ ਸ਼ਾਮਲ ਸੀ ਇਸ ਲਈ ਮੇਰੇ ਪਰਿਵਾਰ ਨੂੰ ਤੰਗ ਪਰਿਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਫੈਸਲਾ ਪੰਜ ਸਿੰਘ ਸਾਹਿਬਾਨਾਂ ਦਾ ਸੀ ਪਰ ਟਰੋਲ ਮੈਨੂੰ ਕੀਤਾ ਜਾ ਰਿਹਾ ਹੈ।

ਵੀਡੀਓ ਵਾਇਰਲ ਕਿਵੇਂ ਹੋਈ ?

ਗਿਆਨੀ ਹਰਪ੍ਰੀਤ ਸਿੰਘ ਨੇ ਵੀਡੀਓ ਵਾਇਰਲ ਹੋਣ ਤੇ ਹੈਰਾਨੀ ਜ਼ਾਹਿਰ ਕੀਤੀ। ਉਹਨਾਂ ਕਿਹਾ ਕਿ ਇਹ ਵੀਡੀਓ ਸਿਰਫ਼ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਕੋਲ ਸੀ। ਇਸ ਤੋਂ ਇਲਾਵਾ ਬਾਕੀ ਥਾਵਾਂ ਤੋਂ ਉਹਨਾਂ ਨੇ ਡਿਲੀਟ ਕਰਵਾ ਦਿੱਤੀ ਸੀ। ਫਿਰ ਵੀ ਉਹ ਹੈਰਾਨ ਹਨ ਕਿ ਵੀਡੀਓ ਵਾਇਰਲ ਕਿਵੇਂ ਹੋ ਗਈ। ਉਹਨਾਂ ਨੇ ਕਿਹਾ ਕਿ ਹੁਣ ਉਹ ਖੁਦ ਇਸ ਗੱਲ ਦੀ ਮੰਗ ਕਰ ਰਹੇ ਹਨ ਕਿ ਪੂਰੀ ਵੀਡੀਓ ਨੂੰ ਜਨਤਕ ਕੀਤਾ ਜਾਵੇ। ਜਿਸ ਤੋਂ ਬਾਅਦ ਲੋਕਾਂ ਸਾਹਮਣੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇ।

ਸਾਲਾ ਸ਼ਬਦ ਤੇ ਸਫ਼ਾਈ

ਜੱਥੇਦਾਰ ਵੱਲੋਂ ਗੱਲਬਾਤ ਦੌਰਾਨ ਸਾਲਾ ਸ਼ਬਦ ਦੀ ਵਰਤੋਂ ਕੀਤੇ ਜਾਣ ਤੇ ਆਪਣਾ ਪੱਖ ਰੱਖਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਸ਼ਬਦੀ ਦੀ ਵਰਤੋਂ ਮਲਵਈ ਜੀਵਨ ਵਿੱਚ ਆਮ ਹੀ ਕੀਤੀ ਜਾਂਦੀ ਹੈ। ਉਹ ਖੁਦ ਮਾਲਵਾ ਇਲਾਕੇ ਨਾਲ ਸਬੰਧਿਤ ਹਨ। ਇਸ ਕਰਕੇ ਇਹ ਸ਼ਬਦ ਨਿਕਲਣਾ ਆਮ ਜਿਹੀ ਗੱਲ ਹੈ। ਪੱਤਰਕਾਰਾਂ ਦੇ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਚਾਹੇ ਤਾਂ ਐਕਸ਼ਨ ਲੈ ਸਕਦੀ ਹੈ।

ਅਸਤੀਫ਼ਾ ਨਹੀਂ ਦੇਵਾਂਗੇ

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਬਾਅਦ ਅਸਤੀਫਾ ਨਹੀਂ ਦੇਣਗੇ। ਉਹਨਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਚਾਹੇ ਤਾਂ ਉਹਨਾਂ ਦਾ ਪੁਰਾਣਾ ਅਸਤੀਫਾ ਮਨਜ਼ੂਰ ਕਰ ਸਕਦੀ ਹੈ। ਅਕਾਲੀ ਲੀਡਰਾਂ ਨੂੰ ਸਜ਼ਾ ਦੇਣ ਦੇ ਫੈਸਲੇ ਤੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਉਸ ਸਜ਼ਾ ਨੂੰ ਬਦਲਣ ਲਈ ਸਿੰਘ ਸਾਹਿਬਾਨ ਕੋਈ ਮੀਟਿੰਗ ਕਰਦੇ ਹਨ ਤਾਂ ਉਹ ਇਸ ਮੀਟਿੰਗ ਦਾ ਹਿੱਸਾ ਨਹੀਂ ਹੋਣਗੇ।

ਮੇਰੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ

ਉਨ੍ਹਾਂ ਨੇ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸਿੰਘ ਸਾਹਿਬਾਨ ਵਲੋਂ ਸੁਣਾਏ ਗਏ ਫੈਸਲੇ ’ਚ ਸ਼ਾਮਿਲ ਹੋਣਾ ਮੇਰਾ ਗੁਨਾਹ ਹੋ ਨਿੱਬੜਿਆ ਅਤੇ ਉਸ ਦੇ ਬਾਅਦ ਤੋਂ ਲਗਾਤਾਰ ਮੈਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੇਰੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਮੇਰਾ ਪਰਿਵਾਰ ਪਿਛਲੇ 15 ਦਿਨਾਂ ਤੋਂ ਸੌਂ ਨਹੀਂ ਸਕਿਆ ਅਤੇ ਇਸ ਸਭ ਦੇ ਪਿੱਛੇ ਇਕ ਸਾਬਕਾ ਕਹਾਉਂਦਾ ਅਕਾਲੀ ਆਗੂ ਹੈ।

ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਸ਼ਾਇਦ ਅਸਤੀਫਿਆਂ ਦੇ ਫੈਸਲੇ ਨੂੰ ਬਦਲਣ ਲਈ ਕੁਝ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬੀ. ਜੇ. ਪੀ. ਨਾਲ ਸੰਬੰਧਾਂ ਦੇ ਦੋਸ਼ ਗਲਤ ਹਨ ਪਰ ਸਾਰੀਆਂ ਪਾਰਟੀਆਂ ਦੇ ਸਿੱਖ ਆਗੂ ਅਕਸਰ ਮਿਲਦੇ ਰਹਿੰਦੇ ਹਨ, ਉਸ ਨਾਲ ਮੈਂ ਕਿਸੇ ਪਾਰਟੀ ਨਾਲ ਨਹੀਂ ਜੁੜ ਜਾਂਦਾ।

ਆਪਣੇ ਸਾਢੂ ਵੱਲੋਂ ਲਗਾਏ ਗਏ ਇਲਜ਼ਾਮਾਂ ’ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਕੁਝ ਮੀਡੀਆ ਚੈਨਲ ਗੁਰਪ੍ਰੀਤ ਨਾਮ ਦੇ ਇੱਕ ਵਿਅਕਤੀ ਨੂੰ ਲੈ ਕੇ ਆਏ ਮੇਰੇ ਉੱਤੇ ਬੇਹਦ ਭੱਦੇ ਇਲਜ਼ਾਮ ਲਗਾਏ ਗਏ ਸਨ ਜਿਨ੍ਹਾਂ ਦਾ ਜਵਾਬ ਅੱਜ ਪੰਜ ਪਿਆਰਿਆਂ ਸਾਹਮਣੇ ਦੇ ਕੇ ਆਇਆ ਹਾਂ।  ਜਥੇਦਾਰ ਨੇ ਬਿਨਾਂ ਕਿਸੇ ਨਾਮ ਲੈਂਦਿਆਂ ਕਿਹਾ ਕਿ ਖਾਸ ਉਨ੍ਹਾਂ ਦੀ ਕਿਰਦਾਰਕੁਸ਼ੀ ਕਰਨ ਦੇ ਲਈ 18 ਸਾਲਾਂ ਬਾਅਦ ਇੱਰ ਪਰਿਵਾਰਕ ਝਗੜੇ ਨੂੰ ਦੁਬਾਰਾ ਖੋਲਿਆ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਤੇ ਇਲਜ਼ਾਮ ਲਗਾਉਣ ਵਾਲੇ ਵਿਅਕਤੀ ਦੇ ਪਿੱਛੇ ਇੱਕ ਸਾਬਕਾ ਅਕਾਲੀ ਆਗੂ ਹੈ ਜੋ ਕਿ ਸਿਰਫ਼ ਨਾਮ ਦਾ ਹੀ ਸਾਬਕਾ ਹੈ ਪਰ ਤਾਲਮੇਲ ‘ਚ ਪੂਰਾ ਅਕਾਲੀ ਆਗੂ ਹੈ।

Exit mobile version