ਬਿਉਰੋ ਰਿਪੋਰਟ – ਬਿਉਰੋ ਰਿਪੋਰਟ – ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ੇ ਦੌਰਾਨ ਭਾਵੁਕ ਹੋਏ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨੇ ਵਲਟੋਹਾ ’ਤੇ ਪਰਿਵਾਰ ਨੂੰ ਧਮਕੀ ਦੇਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਮੈਂ ਜਥੇਦਾਰ ਦੇ ਨਾਲ ਧੀਆਂ ਦਾ ਪਿਉ ਵੀ ਹਾਂ, ਸ਼ੋਮਣੀ ਅਕਾਲੀ ਦਲ ਦਾ ਸੋਸ਼ਲ ਮੀਡੀਆ ਉਨ੍ਹਾਂ ਦੀ ਹਮਾਇਤ ਕਰ ਰਿਹਾ ਹੈ, ਉਨ੍ਹਾਂ ਨੇ SGPC ਨਾਲ ਵੀ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਇਸ ਮਾਮਲੇ ਵਿੱਚ ਉਹ ਖਾਮੋਸ਼ ਬੈਠੇ ਹਨ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਵਿਰਸਾ ਸਿੰਘ ਵਲਟੋਹਾ ਵਾਰ-ਵਾਰ ਜਥੇਦਾਰਾਂ ਦੀ ਕਿਰਦਾਰ ਨੂੰ ਢਾਅ ਲਾ ਰਿਹਾ ਹੈ ਜਿਸ ਦੇ ਖ਼ਕਲਾਫ਼ ਸ੍ਰੀ ਅਕਾਲ ਤਖ਼ਤ ਨੇ ਪੰਜ ਸਿੰਘ ਸਾਹਿਬਾਨਾਂ ਨੇ ਫੈਸਲਾ ਸੁਣਾਇਆ ਸੀ। ਉਸ ਦੇ ਬਾਅਦ ਵੀ ਉਹ ਲਗਾਤਾਰ ਹਰ ਘੰਟੇ ਕਿਰਦਾਰਕੁਸ਼ੀ ਕਰ ਰਿਹਾ ਹੈ। ਖ਼ਾਸ ਕਰਕੇ ਮੈਨੂੰ ਨਿਸ਼ਾਨਾ ਬਣਾ ਰਿਹਾ ਹੈ। ਪਰ ਹੁਣ ਉਸ ਵੱਲੋਂ ਨੀਚਤਾਂ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਹਨ। ਸਨੇਹਾ ਭਿਜਵਾਇਆ ਜਾ ਰਿਹਾ ਹੈ ਕਿ ਮੇਰੀ ਪਰਿਵਾਰ ਨੂੰ ਨੰਗਾ ਕਰ ਦਿੱਤਾ ਜਾਵੇਗਾ। ਮੇਰੇ ਘਰ ਧੀਆਂ ਹਨ ਇਹ ਗੱਲਾਂ ਬਰਦਾਸ਼ਤ ਤੋਂ ਬਾਹਰ ਹਨ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਅਸੀਂ ਵਲਟੋਹੇ ਤੋਂ ਡਰਨ ਵਾਲੇ ਨਹੀਂ ਹਾਂ, ਪਰ ਥਰਡ ਕਲਾਸ ਆਗੂਆਂ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੁਸ਼ਤਪਨਾਹੀ ਕਰਨਾ ਮਨ ਨੂੰ ਬਹੁਤ ਹੀ ਦੁਖ਼ੀ ਕਰਦਾ ਹੈ। ਮੇਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਮਾਮਲੇ ਵਿੱਚ ਖਾਮੋਸ਼ ਹੈ। ਅਜਿਹੇ ਵਿੱਚ ਮੇਰਾ ਇਸ ਅਹੁਦੇ ’ਤੇ ਰਹਿਣਾ ਮੁਸ਼ਕਲ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਮੈਂ ਜਿੱਥੇ ਜਥੇਦਾਰ ਹਾਂ, ਧੀਆਂ ਦਾ ਪਿਉ ਵੀ ਹਾਂ। ਮੈਂ ਪ੍ਰਧਾਨ ਨੂੰ ਅਸਤੀਫ਼ਾ ਭੇਜ ਰਿਹਾ ਹਾਂ ਅਤੇ ਅਪੀਲ ਕਰਦਾ ਹਾਂ ਮੇਰਾ ਅਸਤੀਫ਼ਾ ਮਨਜ਼ੂਰ ਕੀਤਾ ਜਾਵੇ। ਗਿਆਨ ਹਰਪ੍ਰੀਤ ਸਿੰਘ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਆਪਣੀ ਸੁਰੱਖਿਆ ਵਾਪਸ ਲੈਣ ਦੀ ਮੰਗ ਕਰਦੇ ਹੋਏ ਕਿਹਾ ਮੇਰਾ ਘਰ ਛੋਟਾ ਹੈ ਜਿਸ ਵਿੱਚ ਉਹ ਸੁਰੱਖਿਆ ਨਹੀਂ ਰੱਖ ਸਕਦੇ ਹਨ।