ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵਿਦਿਆਰਥਣ ਦੀ ਮੌਤ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਫੇਸਬੁੱਕ ਉੱਪਰ ਲਾਈਵ ਹੋ ਕੇ ਕਿਹਾ ਹੈ ਕਿ ਸਾਡੇ ਵਿਦਿਅਕ ਅਦਾਰਿਆਂ ਵਿੱਚ ਨਿਰੋਲ ਨਾਸਤਿਕ ਬਿਰਤੀ ਦੇ ਲੋਕਾਂ ਦੀ ਘੁਸਪੈਠ ਹੋ ਗਈ ਹੈ।
ਇਸ ਕਾਰਨ ਸਾਡੀਆਂ ਸ਼ਾਨਮੱਤੀ ਪ੍ਰੰਪਰਾਵਾਂ ਦਾ ਘਾਣ ਤੇ ਰਿਸ਼ਤਿਆਂ ਦੀ ਪਵਿੱਤਰਤਾ ਦਾ ਖਾਤਮਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇੱਕ ਕਥਿਤ ਪ੍ਰੋਫੈਸਰ ਵੱਲੋਂ ਬੋਲੇ ਲਫਜਾਂ ਨਾਲ ਬੇਪਰਦ ਕੀਤੀ ਲੜਕੀ ਦੀ ਮੌਤ ਵਿਦਿਅਕ ਅਦਾਰਿਆਂ ‘ਤੇ ਸੁਆਲੀਆ ਚਿੰਨ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੋਸ਼ੀ ਅਧਿਆਪਕ ਵਿਰੁੱਧ ਕਾਰਵਾਈ ਕਰੇ।
ਜਥੇਦਾਰ ਨੇ ਕਿਹਾ ਕਿ ਹੈਰਾਨੀ ਦੀ ਗੱਲ ਕਿ ਕੁਝ ਅਧਿਆਪਕ ਉਸ ਮੁਲਜ਼ਮ ਅਧਿਆਪਕ ਦਾ ਵਿਰੋਧ ਕਰਨ ਦੀ ਬਿਜਾਏ ਉਸਦੇ ਹੱਕ ਵਿੱਚ ਖੜ੍ਹੇ ਹਨ। ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ ਜੇਕਰ ਅਜਿਹਾ ਹੀ ਰਿਹਾ ਤਾਂ ਕੌਣ ਆਪਣੀਆਂ ਲੜਕੀਆਂ ਨੂੰ ਵਿਦਿਅਕ ਅਦਾਰਿਆਂ ਵਿੱਚ ਭੇਜੇਗਾ। ਜਥੇਦਾਰ ਨੇ ਕਿਹਾ ਕਿ ਪ੍ਰੋਫੈਸਰ ‘ਤੇ ਕਾਰਵਾਈ ਕਰਨ ਦੀ ਬਿਜਾਏ ਨੌਜਵਾਨਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਇੱਕ ਵਿਦਿਆਰਥਣ ਦੀ ਬਿਮਾਰੀ ਕਾਰਨ ਹੋਈ ਮੌਤ ਨੂੰ ਲੈ ਕੇ ਵਿਵਾਦ ਗਹਿਰਾ ਗਿਆ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪ੍ਰੋ. ਸੁਰਜੀਤ ਸਿੰਘ ਜਮਾਤ ’ਚ ਸਭ ਦੇ ਸਾਹਮਣੇ ਬੇਇਜਤੀ ਕਰਦਾ ਹੈ ਜਿਸ ਕਾਰਨ ਕਈ ਹੋਰ ਵੀ ਉਸਦੇ ਗੁੱਸੇ ਦਾ ਸ਼ਿਕਾਰ ਹੋਏ ਹਨ। ਵਿਦਿਆਰਥੀਆਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਪ੍ਰੋਫੈਸਰ ਦੇ ਖ਼ਿਲਾਫ਼ ਸ਼ਿਕਾਇਤਾਂ ਦੇ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਵਿਦਿਆਰਥੀਆਂ ਦੀ ਮੰਗ ਹੈ ਕਿ ਪ੍ਰੋਫ਼ੈਸਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਦੇ ਚੱਲਦਿਆਂ ਵਿਦਿਆਰਥੀਆਂ ਵੱਲੋਂ ਅੱਜ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰਕੇ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।