ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵਾਰ ਫਿਰ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ’ਤੇ ਸ਼ਬਦੀ ਹਮਲਾ ਬੋਲਿਆ ਹੈ। ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਉਨ੍ਹਾਂ ਨੇ ਲਿਖਿਆ ਕਿ
ਪੰਜਾਬ ਦੇ ਪਾਣੀਆਂ, ਰਾਜਧਾਨੀ ਤੇ ਵਿਰਾਸਤ ’ਤੇ ਬਾਦਲ ਪਰਿਵਾਰ ਨੇ ਕੇਂਦਰੀ ਹਕੂਮਤ ਨਾਲ ਮਿਲ ਕੇ ਜੋ ਡਾਕੇ ਮਾਰੇ, ਉਨ੍ਹਾਂ ਦੀ ਸਜ਼ਾ ਅੱਜ ਵੀ ਪੰਜਾਬ ਭੁਗਤ ਰਿਹਾ ਹੈ। ਉਨ੍ਹਾਂ ਨੇ ਖ਼ਾਸ ਤੌਰ ’ਤੇ 1977-80 ਦੇ ਅਕਾਲੀ ਕਾਰਜਕਾਲ ਦਾ ਜ਼ਿਕਰ ਕੀਤਾ ਜਦੋਂ ਪਹਿਲਾਂ SYL ਲਈ ਹਾਮੀ ਭਰੀ ਗਈ (ਬਾਅਦ ਵਿੱਚ ਦੂਜੀਆਂ ਪਾਰਟੀਆਂ ਦੇ ਦਬਾਅ ਕਾਰਨ ਪਿੱਛੇ ਹਟੇ) ਅਤੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਦੇ ਹਵਾਲੇ ਕਰਨ ਲਈ ਲਿਖਤੀ ਮਨਜ਼ੂਰੀ ਦਿੱਤੀ ਗਈ। ਜਥੇਦਾਰ ਸਾਹਿਬ ਨੇ ਇਸ ਨੂੰ ਬਾਦਲ ਪਰਿਵਾਰ ਦੀ ਮੌਕਾਪ੍ਰਸਤੀ ਤੇ ਕੇਂਦਰੀਕਰਨ ਦੀ ਨੀਤੀ ਦਾ ਨਤੀਜਾ ਦੱਸਿਆ।
ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਅੱਜ ਜਦੋਂ ਲੋਕਾਂ ਨੇ ਇਸ ਦਲ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਤਾਂ ਇਹ ਕੇਂਦਰ ਵਿਰੋਧੀ ਡਰਾਮੇ ਕਰਦੇ ਫਿਰਦੇ ਹਨ, ਪਰ ਸੱਚਾਈ ਇਹ ਹੈ ਕਿ ‘ਇੱਕ ਦੇਸ਼ – ਇੱਕ ਚੋਣ’ ਤੋਂ ਲੈ ਕੇ ਧਾਰਾ 370 ਖ਼ਤਮ ਕਰਨ ਤੱਕ ਹਰ ਕੇਂਦਰੀਕ੍ਰਿਤ ਕਦਮ ’ਤੇ ਅਕਾਲੀ ਦਲ (ਬਾਦਲ) ਖੁੱਲ੍ਹ ਕੇ ਕੇਂਦਰ ਦੇ ਪੱਖ ਵਿੱਚ ਖੜ੍ਹਾ ਰਿਹਾ ਹੈ। ਇਸ ਦੋਗਲੇਪਣ ਨਾਲ ਪੰਜਾਬ ਦੀ ਸੰਵਿਧਾਨਕ ਲੜਾਈ ਕਮਜ਼ੋਰ ਹੋਈ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਭਗੌੜੇ ਦਲ ਦਾ ਪ੍ਰਧਾਨ ਯੂਨੀਵਰਸਿਟੀ ਜਾ ਕੇ ਦਮਗਜ਼ੇ ਮਾਰਦਾ ਹੈ, ਪਰ ਜਦੋਂ ਇਸ ਦੀ ਸਰਕਾਰ ਸੀ ਤਾਂ ਅਜਿਹੀਆਂ ਚਿੱਠੀਆਂ ਲਿਖੀਆਂ ਜਾਂਦੀਆਂ ਸਨ। ਫਿਰ ਵੀ ਪੰਜਾਬੀ ਆਪਣੇ ਪਾਣੀ, ਹੱਕ ਤੇ ਵਿਰਾਸਤ ਦੀ ਰਾਖੀ ਲਈ ਪੂਰੀ ਹਿੰਮਤ ਨਾਲ ਡਟੇ ਹਨ।


