The Khalas Tv Blog Punjab ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਅੱਜ, SGPC ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ
Punjab

ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਅੱਜ, SGPC ਨੂੰ ਅੱਜ ਮਿਲੇਗਾ ਨਵਾਂ ਪ੍ਰਧਾਨ

General meeting of the SGPC today, SGPC will get a new president today

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਬੁੱਧਵਾਰ ਨੂੰ ਦੁਪਹਿਰ 1 ਵਜੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਵੇਗੀ। ਇਸ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਇਕ ਵਾਰ ਮੁੜ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਹੀ ਉਮੀਦਵਾਰ ਨਾਮਜ਼ਦ ਕੀਤਾ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਦੋ ਵਾਰ SGPC ਦੇ ਪ੍ਰਧਾਨ ਰਹਿ ਚੁੱਕੇ ਹਨ।

ਦੂਜੇ ਪਾਸੇ ਬਾਦਲ ਦਲ ਦੀਆਂ ਵਿਰੋਧੀ ਪਾਰਟੀਆਂ ਨੇ ਸਾਂਝੇ ਤੌਰ ‘ਤੇ ਸੰਤ ਬਲਵੀਰ ਸਿੰਘ ਘੁੰਨਸ ਨੂੰ ਪ੍ਰਧਾਨ ਦੀ ਚੋਣ ਲਈ ਉਮੀਦਵਾਰ ਐਲਾਨਿਆ ਹੈ। ਇਹ ਐਲਾਨ ਸ਼੍ਰੋਮਣੀ ਕਮੇਟੀ ਦੇ ਚਾਰ ਵਾਰ ਪ੍ਰਧਾਨ ਰਹੇ ਬੀਬੀ ਜਗੀਰ ਕੌਰ ਤੇ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਖ਼ੁਦ ਕੀਤਾ। ਇਸ ਨਾਲ ਹੁਣ ਧਾਮੀ ਤੇ ਸੰਤ ਘੁੰਨਸ ‘ਚ ਸਿੱਧਾ ਮੁਕਾਬਲਾ ਹੋਵੇਗਾ ਤੇ ਪ੍ਰਧਾਨਗੀ ਦੀ ਚੋਣ ਵੋਟਿੰਗ ਰਾਹੀਂ ਹੋਵੇਗੀ।

ਹਰਜਿੰਦਰ ਸਿੰਘ ਧਾਮੀ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਹਨ। ਐਡਵੋਕੇਟ ਧਾਮੀ ਨਵੰਬਰ 2021 ਨੂੰ ਪਹਿਲੀ ਵਾਰ ਪ੍ਰਧਾਨ ਬਣੇ ਸਨ। 2022 ਵਿੱਚ ਉਹ ਵੱਡੇ ਫ਼ਰਕ ਨਾਲ ਦੂਜੀ ਵਾਰੀ ਪ੍ਰਧਾਨ ਅਹੁਦੇ ਉੱਤੇ ਕਾਬਜ਼ ਹੋਏ ਸਨ। ਸਿੱਖ ਗੁਰਦੁਆਰਾ ਐਕਟ 1925 ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਲ 191 ਮੈਂਬਰ ਹਨ। ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਵਿਚੋਂ 170 ਮੈਂਬਰ ਹਨ ਹਨ। ਬਾਕੀ 15 ਮੈਂਬਰ ਦੇਸ਼ ਭਰ ਵਿਚੋਂ ਹੁੰਦੇ ਹਨ। ਇਨ੍ਹਾਂ ਵਿੱਚ ਪੰਜ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸ਼ਾਮਲ ਹਨ। ਹਾਲਾਂਕਿ ਇਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਸ਼੍ਰੋਮਣੀ ਕਮੇਟੀ ਦੇ ਕੁੱਲ 185 ਮੈਂਬਰਾਂ ਵਿਚੋਂ 30 ਦਾ ਅਕਾਲ ਚਲਾਣਾ ਤੇ 4 ਮੈਂਬਰਾਂ ਦਾ ਅਸਤੀਫ਼ਾ ਦੇ ਜਾਣ ਕਾਰਨ 151 ਮੈਂਬਰ ਹੀ ਆਪਣੀ ਵੋਟ ਦਾ ਇਸਤੇਮਾਲ ਕਰ ਸਕਦੇ ਹਨ।

Exit mobile version