The Khalas Tv Blog Punjab ਸ਼੍ਰੋਮਣੀ ਕਮੇਟੀ ਆਪਣੇ ਅਧੀਨ ਸੰਸਥਾਵਾਂ ਲਈ ਕਿਸ ਕੋਲੋਂ ਲੈ ਰਹੀ ਹੈ ਵਿੱਤੀ ਸਹਾਇਤਾ, ਪੜ੍ਹੋ ਪੂਰੀ ਖਬਰ
Punjab

ਸ਼੍ਰੋਮਣੀ ਕਮੇਟੀ ਆਪਣੇ ਅਧੀਨ ਸੰਸਥਾਵਾਂ ਲਈ ਕਿਸ ਕੋਲੋਂ ਲੈ ਰਹੀ ਹੈ ਵਿੱਤੀ ਸਹਾਇਤਾ, ਪੜ੍ਹੋ ਪੂਰੀ ਖਬਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਅਧੀਨ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਅਤੇ ਵਿੱਦਿਅਕ ਅਦਾਰਿਆਂ ਦੇ ਵਿੱਤੀ ਕੰਮ ਕਾਜ ਨੂੰ ਪਾਰਦਰਸ਼ੀ ਢੰਗ ਨਾਲ ਆਡਿਟ ਕਰਨ ਲਈ 24 ਕੰਪਨੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸੀਏ ਫਰਮਾਂ ਗੁਰਦੁਆਰਿਆਂ ਅਤੇ ਵਿੱਦਿਅਕ ਅਦਾਰਿਆਂ ਦਾ ਇੰਟਰਨਲ ਆਡਿਟ ਕਰਨ ਲਈ ਜ਼ਿਲ੍ਹਾ ਪੱਧਰ ‘ਤੇ ਕਾਰਜਸ਼ੀਲ ਹੋਣਗੀਆਂ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਸੇਵਾਵਾਂ ਵਿੱਤੀ ਸਾਲ 2021-22 ਲਈ ਲਈਆਂ ਜਾ ਰਹੀਆਂ ਹਨ, ਜਿਸ ਲਈ ਕਰੀਬ 49 ਲੱਖ ਰੁਪਏ ਸਾਲਾਨਾ ਭੁਗਤਾਨ ਕੀਤਾ ਜਾਵੇਗਾ। ਹਰ ਫਰਮ ਨੂੰ ਮਹੀਨੇ ਦੀ 10 ਤਰੀਕ ਤੱਕ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਆਪਣੀ ਰਿਪੋਰਟ ਦੇਣੀ ਲਾਜ਼ਮੀ ਹੋਵੇਗੀ।

ਉਨ੍ਹਾਂ ਕਿਹਾ ਕਿ ਵਿੱਤੀ ਪਾਰਦਸ਼ਤਾ ਲਈ ਸੰਸਥਾ ਦਾ ਕੰਮਕਾਜ ਮਾਹਿਰ ਸੀਏ ਤੋਂ ਕਰਵਾਇਆ ਜਾਣਾ ਜ਼ਰੂਰੀ ਹੈ, ਇਸ ਲਈ ਸਬ ਕਮੇਟੀ ਨੇ ਬਕਾਇਦਾ ਇੰਟਰਵਿਊ ਰਾਹੀਂ ਸੀਏ ਫਰਮਾਂ ਦੀ ਚੋਣ ਕੀਤੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਹਰ ਫਰਮ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੇ ਗਏ ਨਿਯਮਾਂ ਤਹਿਤ ਕੰਮ ਕਰੇਗੀ। ਆਡਿਟ ਦੇ ਨਾਲ-ਨਾਲ ਵਿੱਦਿਅਕ ਅਦਾਰਿਆਂ ਅਤੇ ਗੁਰਦੁਆਰਾ ਸਾਹਿਬਾਨ ਦੇ ਸਟਾਫ ਨੂੰ ਇਨ੍ਹਾਂ ਫਰਮਾਂ ਵੱਲੋਂ ਦੋਹਰਾ ਇੰਦਰਾਜ਼ ਅਤੇ ਕੰਪਿਊਟਰੀਕਰਨ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਇਸਦੇ ਨਾਲ ਹੀ ਫਰਮਾਂ ਨੂੰ ਆਡਿਟ ਕਰਦੇ ਸਮੇਂ ਕੋਈ ਕਿਸੇ ਵੀ ਮਾਮਲੇ ਸਬੰਧੀ ਅਧਿਕਾਰਾਂ ਤੋਂ ਬਾਹਰ ਜਾ ਕੇ ਕੀਤੇ ਹੋਏ ਕੰਮ ਬਾਰੇ ਸ਼੍ਰੋਮਣੀ ਕਮੇਟੀ ਮੁੱਖ ਦਫਤਰ ਦੇ ਧਿਆਨ ਵਿੱਚ ਲਿਆਉਣਾ ਜ਼ਰੂਰੀ ਹੋਵੇਗਾ ਅਤੇ ਉਸਨੂੰ ਸੀਏ ਫਰਮਾਂ ਮਹੀਨਾਵਾਰ ਰਿਪੋਰਟ ਵਿੱਚ ਵਿਸ਼ੇਸ਼ ਤੌਰ ‘ਤੇ ਦਰਜ ਕਰਕੇ ਵੀ ਭੇਜਣਗੀਆਂ।

Exit mobile version