The Khalas Tv Blog International ਫਰਾਂਸ ਨੇ ਯੂ.ਕੇ. ‘ਤੇ ਕਰੋਨਾ ਟੀਕਿਆਂ ਨੂੰ ਲੈ ਕੇ ਬਲੈਕਮੇਲ ਕਰਨ ਦੇ ਦੋਸ਼ ਕਿਉਂ ਲਾਏ
International

ਫਰਾਂਸ ਨੇ ਯੂ.ਕੇ. ‘ਤੇ ਕਰੋਨਾ ਟੀਕਿਆਂ ਨੂੰ ਲੈ ਕੇ ਬਲੈਕਮੇਲ ਕਰਨ ਦੇ ਦੋਸ਼ ਕਿਉਂ ਲਾਏ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਫਰਾਂਸ ਨੇ ਕੋਰੋਨਾ ਟੀਕੇ ਦੇ ਨਿਰਯਾਤ ਨੂੰ ਲੈ ਕੇ ਯੂ.ਕੇ. ‘ਤੇ ‘ਬਲੈਕਮੇਲ’ ਕਰਨ ਦਾ ਦੋਸ਼ ਲਾਇਆ ਹੈ। ਫਰਾਂਸ ਨੇ ਯੂਰਪੀਅਨ ਯੂਨੀਅਨ ਨੂੰ ਟੀਕਿਆਂ ਦੇ ਨਿਰਯਾਤ ‘ਤੇ ਸਖ਼ਤੀ ਨਾਲ ਨਿਯੰਤਰਣ ਕਰਨ ਲਈ ਕਿਹਾ ਹੈ।

ਯੂਰਪੀਅਨ ਦੇਸ਼ਾਂ ਵਿੱਚ ਟੀਕਾਕਰਣ ਦੀ ਪ੍ਰਕਿਰਿਆ ਕਾਫ਼ੀ ਹੌਲੀ ਹੈ। ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਨੇ ਇਸ ਲਈ ਟੀਕਾ ਬਣਾਉਣ ਵਾਲੀ ਕੰਪਨੀ ਨੂੰ, ਖਾਸ ਕਰਕੇ ਐਸਟਰੇਜ਼ਨੇਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ, ਐਸਟਰਾਜ਼ੇਨੇਕਾ ਕੰਪਨੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸਨੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਨਾਲ ਕੀਤੇ ਆਪਣੇ ਸਮਝੌਤੇ ਦੀ ਪਾਲਣਾ ਨਹੀਂ ਕੀਤੀ ਹੈ।

ਯੂਰਪੀਅਨ ਯੂਨੀਅਨ ਦੇ ਦੇਸ਼ ਮਾਰਚ ਦੇ ਅੰਤ ਤੱਕ ਕਰੋਨਾ ਟੀਕੇ ਦੀਆਂ ਲਗਭਗ ਤਿੰਨ ਕਰੋੜ ਖੁਰਾਕਾਂ ਨੂੰ ਪ੍ਰਾਪਤ ਕਰਨ ਦੀ ਉਮੀਦ ਕਰ ਰਹੇ ਹਨ। ਯੂਰਪੀਅਨ ਯੂਨੀਅਨ ਦੇ 27 ਮੈਂਬਰ ਦੇਸ਼ਾਂ ਦੀ ਤੁਲਨਾ ਵਿੱਚ ਯੂ.ਕੇ. ਵਿੱਚ ਵੈਕਸੀਨ ਦੇਣ ਦੀ ਮੁਹਿੰਮ ਵਧੇਰੇ ਸਫਲ ਰਹੀ ਹੈ।

ਸ਼ੁੱਕਰਵਾਰ ਨੂੰ ਫਰਾਂਸ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਨੂੰ ਯੂਕੇ ਦੀ ਟੀਕਾ ਨੀਤੀ ਦੀ ਕੀਮਤ ਨਹੀਂ ਅਦਾ ਕਰਨੀ ਚਾਹੀਦੀ। ਵਿਦੇਸ਼ ਮੰਤਰੀ ਨੇ ਬ੍ਰਿਟੇਨ ‘ਤੇ ਹਮਲਾ ਕਰਦਿਆਂ ਕਿਹਾ ਕਿ, “ਤੁਸੀਂ ਇਸ ਤਰ੍ਹਾਂ ਬਲੈਕਮੇਲ ਨਹੀਂ ਕਰ ਸਕਦੇ। ਤੁਸੀਂ ਇਸ ਤਰ੍ਹਾਂ ਨਹੀਂ ਖੇਡ ਸਕਦੇ।”
ਹਾਲਾਂਕਿ, ਵਿਦੇਸ਼ ਮੰਤਰੀ ਨੇ ਸਪੱਸ਼ਟ ਨਹੀਂ ਕੀਤਾ ਕਿ ਉਹ ਬਲੈਕਮੇਲ ਵਰਗੇ ਸ਼ਬਦ ਦੀ ਵਰਤੋਂ ਕਰਕੇ ਕੀ ਕਹਿਣਾ ਚਾਹੁੰਦਾ ਸੀ।
ਇਸੇ ਹਫਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਜੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਤੋਂ ਨਿਰਯਾਤ ਨੂੰ ਸਖਤੀ ਨਾਲ ਨਿਯੰਤਰਿਤ ਕੀਤਾ ਜਾਂਦਾ ਹੈ ਤਾਂ ਇਸ ਦਾ ਮੈਂਬਰ ਦੇਸ਼ਾਂ ਵਿੱਚ ਨਿਵੇਸ਼ ਉੱਤੇ ਮਾੜਾ ਪ੍ਰਭਾਵ ਪਵੇਗਾ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਨੇ ਕਿਹਾ ਸੀ ਕਿ, “ਮੈਂ ਇਸ ਗੱਲ ਦਾ ਸਮਰਥਨ ਕਰਦਾ ਹਾਂ ਕਿ ਜਦੋਂ ਤੱਕ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਆਪਣੇ ਸਮਝੌਤੇ ਅਨੁਸਾਰ ਆਪਣੇ ਵਾਅਦੇ ਪੂਰੇ ਨਹੀਂ ਕਰਦੀਆਂ, ਸਾਨੂੰ ਟੀਕੇ ਦੇ ਨਿਰਯਾਤ ‘ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।”

ਯੂਰਪੀਅਨ ਯੂਨੀਅਨ ਦੇ ਅੰਦਰੂਨੀ ਮਾਰਕੀਟ ਕਮਿਸ਼ਨਰ ਨੇ ਵੀ ਐਸਟਰਾਜ਼ੇਨੇਕਾ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਯੂਰਪੀਅਨ ਯੂਨੀਅਨ ਨੂੰ ਇਸ ਖਾਸ ਕੰਪਨੀ ਨਾਲ ਮੁਸ਼ਕਲ ਆ ਰਹੀ ਹੈ।

Exit mobile version