The Khalas Tv Blog India ਪੰਜਾਬ ਦਾ ਨਿਕਲਿਆ ਬਾਬਾ ਸਿੱਦੀਕੀ ਦਾ ਚੌਥਾ ਕਾਤਲ! ਪਟਿਆਲਾ ਜੇਲ੍ਹ ’ਚੋਂ ਲਾਰੈਂਸ ਗੈਂਗ ਨਾਲ ਹੋਇਆ ਤਾਲਮੇਲ
India Punjab

ਪੰਜਾਬ ਦਾ ਨਿਕਲਿਆ ਬਾਬਾ ਸਿੱਦੀਕੀ ਦਾ ਚੌਥਾ ਕਾਤਲ! ਪਟਿਆਲਾ ਜੇਲ੍ਹ ’ਚੋਂ ਲਾਰੈਂਸ ਗੈਂਗ ਨਾਲ ਹੋਇਆ ਤਾਲਮੇਲ

ਬਿਉਰੋ ਰਿਪੋਰਟ: ਮੁੰਬਈ ਵਿੱਚ ਐਨਸੀਪੀ ਆਗੂ ਅਤੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਵਿੱਚ ਸ਼ਾਮਲ ਚੌਥਾ ਮੁਲਜ਼ਮ ਪੰਜਾਬ ਦਾ ਹੀ ਰਹਿਣ ਵਾਲਾ ਹੈ। ਇਸਦੀ ਪਛਾਣ ਮੁਹੰਮਦ ਜ਼ੀਸ਼ਾਨ ਅਖ਼ਤਰ ਵਜੋਂ ਹੋਈ ਹੈ ਜੋ ਜਲੰਧਰ ਦੇ ਨਕੋਦਰ ਦੇ ਪਿੰਡ ਸ਼ੰਕਰ ਦਾ ਰਹਿਣ ਵਾਲਾ ਹੈ। ਜਲੰਧਰ ਦਿਹਾਤੀ ਪੁਲਿਸ ਨੇ ਉਸ ਨੂੰ ਸਾਲ 2022 ਵਿੱਚ ਅਪਰਾਧ, ਕਤਲ ਅਤੇ ਲੁੱਟ-ਖੋਹ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਮੁੰਬਈ ਪੁਲਿਸ ਨਾਲ ਜੁੜੇ ਸੂਤਰਾਂ ਮੁਤਾਬਕ ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਕਤਲ ਦੇ ਸਮੇਂ ਜੀਸ਼ਾਨ ਮੁੰਬਈ ’ਚ ਹੀ ਮੌਜੂਦ ਸੀ। ਕਤਲ ਤੋਂ ਬਾਅਦ ਉਸ ਦੀ ਲੋਕੇਸ਼ਨ ਮੁੰਬਈ ਅਤੇ ਆਸਪਾਸ ਦੇ ਇਲਾਕਿਆਂ ’ਚ ਆਈ ਹੈ। ਜ਼ੀਸ਼ਾਨ ਲਈ ਤਿੰਨ ਦੇ ਕਰੀਬ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਜਾਲ ਵਿਛਾਇਆ ਗਿਆ ਹੈ।

ਬਾਬਾ ਸਿੱਦੀਕੀ ਦਾ ਕਤਲ 3 ਸ਼ੂਟਰਾਂ ਨੇ ਕੀਤਾ ਸੀ। ਇਨ੍ਹਾਂ ਵਿੱਚੋਂ ਗੁਰਮੇਲ ਸਿੰਘ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਨਰਾੜ ਦਾ ਰਹਿਣ ਵਾਲਾ ਹੈ। ਬਾਕੀ 2 ਸ਼ੂਟਰ ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚੋਂ ਹਰਿਆਣਾ ਦੇ ਰਹਿਣ ਵਾਲੇ ਗੁਰਮੇਲ ਅਤੇ ਦੂਜੇ ਸ਼ੂਟਰ ਧਰਮਰਾਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤੀਜਾ ਸ਼ੂਟਰ ਸ਼ਿਵਕੁਮਾਰ ਅਜੇ ਫਰਾਰ ਹੈ।

ਪੁਲਿਸ ਮੁਤਾਬਕ ਮੁਹੰਮਦ ਜ਼ੀਸ਼ਾਨ ਅਖ਼ਤਰ ਤਿੰਨਾਂ ਸ਼ੂਟਰਾਂ ਨੂੰ ਬਾਹਰੋਂ ਨਿਰਦੇਸ਼ ਦੇ ਰਿਹਾ ਸੀ। ਜਦੋਂ ਸਿੱਦੀਕੀ ਨੂੰ ਗੋਲ਼ੀ ਮਾਰੀ ਗਈ ਸੀ, ਉਦੋਂ ਵੀ ਅਖ਼ਤਰ ਸ਼ੂਟਰਾਂ ਨੂੰ ਆਪਣੀ ਲੋਕੇਸ਼ਨ ਬਾਰੇ ਜਾਣਕਾਰੀ ਦੇ ਰਿਹਾ ਸੀ। ਇਸ ਤੋਂ ਇਲਾਵਾ ਅਖ਼ਤਰ ਨੇ ਉਨ੍ਹਾਂ ਲਈ ਇੱਕ ਕਮਰਾ ਕਿਰਾਏ ’ਤੇ ਦੇਣ ਸਮੇਤ ਹੋਰ ਮਾਲੀ ਸਹਾਇਤਾ ਵਿੱਚ ਵੀ ਮਦਦ ਕੀਤੀ ਹੈ।

ਪੰਜਾਬ ਪੁਲਿਸ ਦੇ ਸੂਤਰਾਂ ਅਨੁਸਾਰ ਅਖ਼ਤਰ ਪਟਿਆਲਾ ਜੇਲ੍ਹ ਵਿੱਚ ਬੰਦ ਸੀ। ਉਹ ਇਸ ਸਾਲ 7 ਜੂਨ ਨੂੰ ਜੇਲ੍ਹ ਤੋਂ ਬਾਹਰ ਆਇਆ ਸੀ। ਪਟਿਆਲਾ ਜੇਲ੍ਹ ਵਿੱਚ ਹੀ ਅਖ਼ਤਰ ਲਾਰੈਂਸ ਗੈਂਗ ਦੇ ਸੰਪਰਕ ਵਿੱਚ ਆਇਆ ਸੀ ਜਿਸ ਤੋਂ ਬਾਅਦ ਜੇਲ੍ਹ ਤੋਂ ਬਾਹਰ ਆ ਕੇ ਉਹ ਲਾਰੈਂਸ ਗੈਂਗ ’ਚ ਸ਼ਾਮਲ ਹੋ ਗਿਆ।

ਮੁਲਜ਼ਮ ਜ਼ੀਸ਼ਾਨ ਦੀ ਉਮਰ ਸਿਰਫ 21 ਸਾਲ ਹੈ। ਉਹ ਇੰਨਾ ਚਲਾਕ ਹੈ ਕਿ 2022 ’ਚ ਵਿਦੇਸ਼ੀ ਨੰਬਰ ’ਤੇ ਵਟਸਐਪ ਚਲਾਉਂਦਾ ਫੜਿਆ ਗਿਆ ਸੀ। ਜੀਸ਼ਾਨ ਨੇ ਨਕੋਦਰ ਦੇ ਪਿੰਡ ਸ਼ੰਕਰ ਸਥਿਤ ਸਰਕਾਰੀ ਸਕੂਲ ਤੋਂ ਸਿਰਫ 10ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਹੈ। ਮੁਲਜ਼ਮ ਦਾ ਪਿਤਾ ਮੁਹੰਮਦ ਜਮੀਲ ਟਾਈਲਾਂ ਦੇ ਠੇਕੇਦਾਰ ਵਜੋਂ ਕੰਮ ਕਰਦਾ ਹੈ। ਮੁਲਜ਼ਮ ਦਾ ਇੱਕ ਭਰਾ ਆਪਣੇ ਪਿਤਾ ਨਾਲ ਕੰਮ ਕਰਦਾ ਹੈ। ਇੱਕ ਭੈਣ ਦੀ ਮੌਤ ਹੋ ਚੁੱਕੀ ਹੈ।

Exit mobile version