The Khalas Tv Blog India MP ਰਵਨੀਤ ਬਿੱਟੂ ਸਣੇ ਪੰਜਾਬ ਕਾਂਗਰਸ ਦੇ ਚਾਰ MP ਦਿੱਲੀ ਪੁਲਿਸ ਨੇ ਕੁੱਟੇ
India

MP ਰਵਨੀਤ ਬਿੱਟੂ ਸਣੇ ਪੰਜਾਬ ਕਾਂਗਰਸ ਦੇ ਚਾਰ MP ਦਿੱਲੀ ਪੁਲਿਸ ਨੇ ਕੁੱਟੇ

‘ਦ ਖ਼ਾਲਸ ਬਿਊਰੋ :- ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਨੇ ਕੱਲ੍ਹ ਸੰਸਦ ‘ਚ ਦਾਅਵਾ ਕੀਤਾ ਕਿ ਉਨ੍ਹਾਂ ਸਣੇ ਕਾਂਗਰਸ ਦੇ ਤਿੰਨ ਹੋਰ ਸੰਸਦ ਮੈਂਬਰਾਂ ਸੰਤੋਖ ਚੌਧਰੀ, ਜਸਬੀਰ ਸਿੰਘ ਗਿੱਲ ਤੇ ਗੁਰਜੀਤ ਸਿੰਘ ਔਜਲਾ ਨਾਲ ਦਿੱਲੀ ਪੁਲੀਸ ਦੇ ਮੁਲਾਜ਼ਮਾਂ ਨੇ 21 ਸਤੰਬਰ ਨੂੰ ਸੰਸਦ ਭਵਨ ਨੇੜੇ ਕੁੱਟਮਾਰ ਕੀਤੀ ਹੈ।

ਉਨ੍ਹਾਂ ਕਿਹਾ, ‘ਅਸੀਂ ਕਿਸਾਨਾਂ ਦੇ ਮੁੱਦੇ ’ਤੇ ਮੋਮਬੱਤੀ ਮਾਰਚ ਕਰਕੇ ਵਿਜੈ ਚੌਂਕ ਜਾ ਰਹੇ ਸੀ। ਸਿਰਫ 10-15 ਮੀਟਰ ਚੱਲੇ ਹੋਵਾਂਗੇ ਕਿ 100 ਦੇ ਕਰੀਬ ਪੁਲੀਸ ਵਾਲੇ ਅਚਾਨਕ ਆ ਗਏ। ਉਨ੍ਹਾਂ ਨੂੰ ਲੱਗਿਆ ਕਿ ਕਿਧਰੇ ਕਿਸਾਨ ਆਏ ਹਨ।’ ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਲੋਕ ਕਿਸਾਨਾਂ ਤੋਂ ਕਿੰਨੇ ਡਰੇ ਹੋਏ ਹਨ। ਬਿੱਟੂ ਨੇ ਦੋਸ਼ ਲਾਇਆ ਕਿ ਉਹ ਮੋਮਬੱਤੀਆਂ ਜਗਾਉਣ ਲਈ ਵਿਜੈ ਚੌਂਕ ਜਾਣਾ ਚਾਹੁੰਦਾ ਸੀ, ਪਰ ਪੁਲੀਸ ਨੇ ਉਨ੍ਹਾਂ ਚਾਰਾਂ ਨਾਲ ਬਦਸਲੂਕੀ ਕਰਦਿਆਂ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਉਨ੍ਹਾਂ ਨੇ ਖੁਦ ਨੂੰ ਵੀ ਸੱਟਾਂ ਵੱਜਣ ਦਾ ਦਾਅਵਾ ਕੀਤਾ। ਇਸ ’ਤੇ ਸਪੀਕਰ ਨੇ ਕਿਹਾ ਕਿ ਉਨ੍ਹਾਂ ਨੂੰ  ਬਿੱਟੂ ਤੇ ਚੌਧਰੀ ਦੇ ਪੱਤਰ ਮਿਲੇ ਹਨ ਅਤੇ ਸਪੀਕਰ ਨੇ ਮਾਮਲੇ ਦੀ ਰਿਪੋਰਟ ਮੰਗ ਲਈ ਹੈ। ਹਾਲਾਂਕਿ ਪੁਲੀਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਾਣ ਲਈ ਉਹ ਰਾਹ ਖਾਲੀ ਕਰਵਾ ਰਹੇ ਸਨ, ਕਿਉਂਕਿ ਮੋਦੀ ਦਾ ਕਾਫ਼ਲਾ ਅਚਾਨਕ ਹੀ ਇੱਧਰ ਆ ਰਿਹਾ ਸੀ, ਨਾਲ ਹੀ ਸੰਸਦ ਮੈਂਬਰਾਂ ਨੇ ਧਰਨੇ ਦੀ ਮਨਜ਼ੂਰੀ ਵੀ ਨਹੀਂ ਸੀ ਲਈ।

ਇਸੇ ਦੌਰਾਨ DMK ਦੇ ਮੈਂਬਰ DM ਕਠੀਰ ਆਨੰਦ ਨੇ ਦੋਸ਼ ਲਾਇਆ ਕਿ ਖੁਦ ਨੂੰ IB ਦੇ ਮੈਂਬਰ ਦੱਸਣ ਵਾਲੇ ਦੋ ਵਿਅਕਤੀ ਪੁਰਾਣੇ ਤਾਮਿਲ ਨਾਡੂ ਹਾਊਸ ਸਥਿਤ ਉਨ੍ਹਾਂ ਦੇ ਕਮਰੇ ’ਚ ਆਏ ਅਤੇ ਉਨ੍ਹਾਂ ਤੋਂ ਸੰਸਦ ’ਚ ਚੁੱਕੇ ਜਾਣ ਵਾਲੇ ਮੁੱਦਿਆਂ ਦੀ ਜਾਣਕਾਰੀ ਮੰਗਣ ਲੱਗੇ। ਆਨੰਦ ਨੇ ਕਿਹਾ ਕਿ ਦੋਵਾਂ ਵਿਅਕਤੀਆਂ ਨੇ ਉਨ੍ਹਾਂ ਤੋਂ ਪਾਰਟੀ ਦੀ ਰਣਨੀਤੀ ਤੇ ਤਾਮਿਲ ਨਾਡੂ ਦੇ ਸਥਾਨਕ ਮੁੱਦਿਆਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਕਿਹਾ, ‘ਮੇਰੇ ਤੋਂ ਪੁੱਛ ਪੜਤਾਲ ਦੀ ਕੋਸ਼ਿਸ਼ ਕੀਤੀ ਗਈ।’ ਇਸ ’ਤੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਜੇਕਰ ਉਹ ਇਸ ਬਾਰੇ ਲਿਖਤੀ ਤੌਰ ’ਤੇ ਦਿੰਦੇ ਹਨ ਤਾਂ ਉਹ ਇਸ ਬਾਰੇ ਪੜਤਾਲ ਕਰਵਾਉਣਗੇ।

Exit mobile version