ਗੁਰਦਾਸਪੁਰ ਦੇ ਪਿੰਡ ਪਿੰਡੋਹਲ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਸੋਨੂੰ ਪਿੰਡ ਦੀ ਹੀ ਇੱਕ ਲੜਕੀ ਦੇ ਪਿਆਰ ਵਿਚ ਏਨਾ ਅੰਨ੍ਹਾ ਹੋ ਗਿਆ ਕਿ ਉਸ ਨੇ ਆਪਣੇ ਆਪ ਨੂੰ ਥਾਣੇ ਵਿੱਚ ਗੋਲੀ ਮਾਰ ਕੇ ਜ਼ਖ਼ਮੀ ਕਰ ਲਿਆ। ਜਿਸ ਤੋਂ ਬਾਅਦ ਪੁਲਿਸ ਨੇ ਜ਼ਖਮੀ ਹੋਏ ਸਰਪੰਚ ਨੂੰ ਤੁਰੰਤ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਨੇ ਸਰਪੰਚ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਇਸ ਮਾਮਲੇ ਵਿੱਚ ਐਸਐੱਸਸੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਅਸਲ ਵਿੱਚ ਮਾਮਲਾ ਇਕ ਤਰਫਾ ਪਿਆਰ ਦਾ ਹੈ। ਜਿਸ ਵਿੱਚ ਸਾਬਕਾ ਸਰਪੰਚ ਬਲਜੀਤ ਸਿੰਘ ਉਰਫ ਸੋਨੂੰ ਆਪਣੇ ਹੀ ਪਿੰਡ ਦੀ ਵਸਨੀਕ ਇਕ ਲੜਕੀ ਨੂੰ ਇਕ ਤਰਫਾ ਪਿਆਰ ਕਰਦਾ ਸੀ ਅਤੇ ਕੁਝ ਮਹੀਨੇ ਪਹਿਲਾਂ ਲੜਕੀ ਦਾ ਪਿੰਡ ਨਾਰਦਾਂ ਵਿਖੇ ਵਿਆਹ ਹੋ ਜਾਣ ਦੇ ਮਗਰੋਂ ਵੀ ਸਰਪੰਚ ਉਸਨੂੰ ਅਪਣਾ ਵਿਆਹੁਤਾ ਜੀਵਨ ਛੱਡ ਕੇ ਉਸ ਨਾਲ ਰਹਿਣ ਲਈ ਮਜਬੂਰ ਕਰਦਾ ਸੀ।
ਪੀੜ੍ਹਤ ਲੜਕੀ ਨੇ ਅਜਿਹਾ ਕਰਨ ਤੋਂ ਇਨਕਾਰ ਕਰਦਿਆਂ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ। ਐਸਐਸਪੀ ਨੇ ਇਹ ਵੀ ਖੁਲ੍ਹਾਸਾ ਕੀਤਾ ਕਿ ਸਾਬਕਾ ਸਰਪੰਚ ਬਲਜੀਤ ਸਿੰਘ ਉਰਫ ਸੋਨੂੰ ਆਪਣਾ ਲਾਇਸੰਸੀ ਰਿਵਾਲਵਰ ਲੁਕਾ ਕੇ ਥਾਣੇ ਅੰਦਰ ਲੈ ਕੇ ਆਇਆ ਸੀ ਅਤੇ ਪਿਸ਼ਾਬ ਦੇ ਬਹਾਨੇ ਬਾਥਰੂਮ ਚ ਜਾ ਕੇ ਘਟਨਾ ਨੂੰ ਅੰਜਾਮ ਦੇਣ ਮਗਰੋਂ ਹੱਥ ਵਿੱਚ ਰਿਵਾਲਵਰ ਲੈਕੇ ਬਾਹਰ ਆ ਕੇ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦਿੰਦਾ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਉਸ ਨੂੰ ਦਬੋਚ ਲਿਆ।
ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਿਸ ਨੇ ਸਾਬਕਾ ਸਰਪੰਚ ਬਲਜੀਤ ਸਿੰਘ ਉਰਫ ਸੋਨੂੰ ਦੇ ਖਿਲਾਫ ਆਈਪੀਸੀ ਦੀਆਂ ਧਾਰਾਵਾਂ 307, 353, 186 ਤੇ ਆਰਮਜ ਐਕਟ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਸਾਬਕਾ ਸਰਪੰਚ ਦੀ ਹਾਲਾਤ ਖ਼ਤਰੇ ਤੋਂ ਬਾਹਰ ਹੈ ਜਿਸਦਾ ਇਲਾਜ ਅੰਮ੍ਰਿਤਸਰ ਵਿਖੇ ਕੀਤਾ ਜਾ ਰਿਹਾ ਹੈ।