ਖਾਲਸ ਬਿਊਰੋ:ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ ਤੇ ਕਿਸਾਨਾਂ ਦੀ ਆਰਥਿਕ ਹਾਲਾਤਾਂ ਦਾ ਜ਼ਿਕਰ ਕਰਦੇ ਹੋਏ ਸਮੇਂ ਦੀਆਂ ਸਰਕਾਰਾਂ ਨੂੰ ਇਸ ਦਾ ਜ਼ਿੰਮੇਵਾਰ ਦੱਸਿਆ ਹੈ।ਇੱਕ ਪ੍ਰੈਸ ਕਾਨਫ੍ਰੰਸ ਵਿੱਚ ਉਹਨਾਂ ਕਿਹਾ ਹੈ ਕਿ ਸਰਕਾਰਾਂ ਨੇ ਸ਼ਹਿਰੀ ਕਰਨ ਤੇ ਉਦਯੋਗੀਕਰਨ ‘ਤੇ ਤਾਂ ਖਾਸ ਧਿਆਨ ਦਿੱਤਾ ਹੈ ਪਰ ਕਿਸਾਨੀ ਨੂੰ ਹਮੇਸ਼ਾ ਅਖੋਂ-ਪਰੋਖੇ ਕੀਤਾ ਹੈ,ਜਿਸ ਕਾਰਨ ਕਿਸਾਨੀ ਇੱਕ ਲਾਹੇਵੰਦ ਧੰਧਾ ਨਹੀਂ ਰਹਿ ਗਿਆ ਹੈ।
ਕਿਸਾਨਾਂ ਦੀ ਆਰਥਿਕ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਉਹ ਆਪਣੀ ਜਿੰਦਗੀ ਆਪਣੇ ਹੱਥੀਂ ਖਤਮ ਕਰਨ ਲਈ ਮਜ਼ਬੂਰ ਹੋ ਰਹੇ ਹਨ ਕਿਉਂਕਿ ਉਹਨਾਂ ‘ਤੇ ਕਰਜ਼ਾ ਹੀ ਇੰਨਾਂ ਚੜ ਗਿਆ ਹੈ ਕਿ ਉਹਨਾਂ ਨੂੰ ਕੋਈ ਹੋਰ ਰਾਹ ਹੀ ਨਹੀਂ ਲੱਭਦਾ।ਸਿਰਫ ਪੰਜਾਬ ਹੀ ਨਹੀਂ ,ਸਗੋਂ ਸਾਰੇ ਦੇਸ਼ ਵਿੱਚ ਹਾਲਾਤ ਇੰਨੇ ਮਾੜੇ ਹਨ ਕਿ ਲੋਕ ਕਰਜ਼ੇ ਦੀ ਵਜ੍ਹਾ ਨਾਲ ਮਰੇ ਆਪਣੇ ਸਬੰਧੀਆਂ ਦੀਆਂ ਖੋਪੜੀਆਂ ਸੜ੍ਹਕ ‘ਤੇ ਰੱਖ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹਨ ਪਰ ਸਰਕਾਰਾਂ ਦਾ ਇਸ ਪਾਸੇ ਕੋਈ ਵੀ ਧਿਆਨ ਨਹੀਂ ਹੈ।ਉਹਨਾਂ ਕਿਹਾ ਕਿ ਉਹ ਕਿਸਾਨੀ ਨਾਲ ਜੁੜੇ ਮੁੱਦੇ ਤਾਂ ਚੁੱਕਣਗੇ ਹੀ ਸਗੋਂ ਪੰਜਾਬ ਦੇ ਪਾਣੀਆਂ ਤੇ ਹੋਰ ਵੀ ਕਈ ਮਾਮਲਿਆਂ ਦੇ ਵਿੱਚ ਆਵਾਜ਼ ਨੂੰ ਬੁਲੰਦ ਕਰਨਗੇ।