The Khalas Tv Blog Punjab ਵੱਡੀ ਮੁਸੀਬਤ ‘ਚ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ
Punjab

ਵੱਡੀ ਮੁਸੀਬਤ ‘ਚ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ

ਦ ਖ਼ਾਲਸ ਬਿਊਰੋ : ਕਾਂਗਰਸ ਅਨੁਸ਼ਾਸ਼ਨ ਕਮੇਟੀ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਉਹਨਾਂ ਵੱਲੋਂ ਪਿਛਲੇ ਦਿਨੀਂ ਦਿੱਤੇ ਗਏ ਬਿਆਨ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਹਾਈਕਮਾਨ ਨੇ ਇੱਕ ਹਫ਼ਤੇ ਦਾ ਸਮਾਂ ਦਿੰਦਿਆਂ ਜਵਾਬ ਤਲਬ ਕੀਤਾ ਹੈ। ਹਾਲ ਹੀ ‘ਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਸੁਨੀਲ ਜਾਖੜ ਖਿਲਾਫ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਸੀ। ਇਸ ਮਗਰੋਂ ਅਨੁਸ਼ਾਸਨੀ ਕਮੇਟੀ ਨੇ ਇਹ ਫੈਸਲਾ ਲਿਆ ਹੈ। ਸੁਨੀਲ ਜਾਖੜ ਵੱਲੋਂ ਦਿੱਤੇ ਇੱਕ ਬਿਆਨ ਨੂੰ ਲੈ ਕੇ ਕਈ ਆਗੂਆਂ ਨੇ ਦਲਿਤਾਂ ਦੇ ਅਪਮਾਨ ਦਾ ਉਹਨਾਂ ਉੱਤੇ ਇਲਜ਼ਾਮ ਲਗਾਇਆ ਸੀ, ਜਿਸ ਨੂੰ ਲੈ ਕੇ ਪਿਛਲੇ ਦਿਨਾਂ ਵਿੱਚ ਕਾਫੀ ਚਰਚਾ ਛਿੜੀ ਹੋਈ ਸੀ।

ਕਾਂਗਰਸੀ ਆਗੂ ਕੁਲਦੀਪ ਸਿੰਘ ਵੈਦ ਨੇ ਕਾਂਗਰਸ ਪਾਰਟੀ ਦੇ ਇਸ ਕਦਮ ਨੂੰ ਸਹੀ ਕਰਾਰ ਦਿੱਤਾ ਹੈ। ਵੈਦ ਨੇ ਕਿਹਾ ਕਿ ਜੋ ਵੀ ਪਾਰਟੀ ਦਾ ਅਨੁਸ਼ਾਸਨ ਭੰਗ ਕਰਦਾ ਹੈ, ਉਸ ਉੱਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਸੁਨੀਲ ਜਾਖੜ ਸਾਡੇ ਬਹੁਤ ਸਤਿਕਾਰਯੋਗ ਲੀਡਰ ਹਨ ਪਰ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਬਿਆਨ ਕਿਉਂ ਦਿੱਤਾ। ਸੁਨੀਲ ਜਾਖੜ ਇਸ ਪੱਤਰ ਦਾ ਜਵਾਬ ਦੇ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਾਂਗਰਸ ਨੂੰ ਤਰੱਕੀ ਵੱਲ ਲੈ ਕੇ ਜਾਣਗੇ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸੁਨੀਲ ਜਾਖੜ ਉੱਤੇ ਨਿਸ਼ਾਨਾ ਕੱਸਦਿਆਂ ਉਨ੍ਹਾਂ ਨੂੰ ਮਾਨਸਿਕ ਰੋਗੀ ਕਰਾਰ ਦਿੱਤਾ ਹੈ। ਬਾਦਲ ਨੇ ਕਿਹਾ ਕਿ ਸੀਐੱਮ ਨਾ ਬਣਨ ਕਰਕੇ ਜਾਖੜ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ।

ਪੰਜਾਬ ਪ੍ਰਦੇਸ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਉਪ ਨੇਤਾ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਅੱਜ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ। ਰਾਜਾ ਵੜਿੰਗ ਦੀ ਪ੍ਰਧਾਨ ਬਣਨ ਤੋਂ ਬਾਅਦ ਰਾਹੁਲ ਗਾਂਧੀ ਦੇ ਨਾਲ ਇਹ ਪਹਿਲੀ ਮੀਟਿੰਗ ਸੀ।

ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਮੇਰੇ ਉੱਤੇ ਕਾਂਗਰਸ ਨੂੰ ਮਜ਼ਬੂਤ ਕਰਨ ਦਾ ਭਰੋਸਾ ਜਤਾਇਆ ਹੈ ਅਤੇ ਮੈਨੂੰ ਆਸ਼ੀਰਵਾਦ ਦਿੱਤਾ ਹੈ। ਵੜਿੰਗ ਨੇ ਆਪਣੀ ਜਿੱਤ ਦਾ ਸਿਹਰਾ ਗਿੱਦੜਬਾਹਾ ਅਤੇ ਆਮ ਜਨਤਾ ਨੂੰ ਦਿੱਤਾ। ਪੰਜਾਬ ਵਿੱਚ ਇੱਕ ਨਵੀਂ ਕਾਂਗਰਸ ਅਤੇ ਇੱਕ ਨਵੀਂ ਜਥੇਬੰਦੀ ਖੜੀ ਕਰਾਂਗੇ। ਵੜਿੰਗ ਨੇ ਕਿਹਾ ਕਿ ਮਗਰਲੀ ਕਤਾਰ ਵਾਲਿਆਂ ਨੂੰ ਵੀ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਪਾਰਟੀ ਵਿੱਚ ਅਨੁਸ਼ਾਸਨਹੀਣਤਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇ ਕਿਸੇ ਨੇ ਅਨੁਸ਼ਾਸਨ ਭੰਗ ਕੀਤਾ ਤਾਂ ਉਸਨੂੰ ਬਾਹਰ ਦਾ ਰਸਤਾ ਵਿਖਾਇਆ ਜਾਵੇਗਾ। ਵੜਿੰਗ ਨੇ ਕਿਹਾ ਕਿ ਕਾਂਗਰਸ ਨੂੰ ਸਭ ਦੀ ਲੋੜ ਹੈ ਭਾਵੇਂ ਉਹ ਨਵਜੋਤ ਸਿੱਧੂ, ਸੁਨੀਲ ਜਾਖੜ ਹੋਣ। ਵੜਿੰਗ ਨੇ ਭਗਵੰਤ ਮਾਨ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਗੁਜਰਾਤ, ਹਿਮਾਚਲ ਪ੍ਰਦੇਸ਼ ਜਾਣ ਦੀ ਬਜਾਏ ਪੰਜਾਬ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਬਹੁਤ ਸੰਵੇਦਨਸ਼ੀਲ, ਸਰਹੱਦੀ ਸੂਬਾ ਹੈ। ਜੇ ਕਿਤੇ ਚੂਕ ਹੋ ਗਈ ਤਾਂ ਉਹ ਸਮਾਂ ਹੱਥ ਨਹੀਂ ਆਵੇਗਾ।

ਦਰਅਸਲ, ਸੁਨੀਲ ਜਾਖੜ ਨੇ ਜੀ-23 ਦੇ ਆਗੂਆਂ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਹਾਈਕਮਾਨ ਉਨ੍ਹਾਂ ਆਗੂਆਂ ਨੂੰ ਐਨਾ ਸਿਰ ’ਤੇ ਨਾ ਬਿਠਾਏ ਜਿਹੜੇ ਪਾਰਟੀ ਦੇ ਰੁਤਬੇ ਨੂੰ ਢਾਹ ਲਗਾ ਰਹੇ ਹਨ। ਉਨ੍ਹਾਂ ਦੇ ਇਸ ਬਿਆਨ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਜਾਖੜ ਨੇ ਇਹ ਇਸ਼ਾਰਾ ਚੰਨੀ ਵੱਲ ਕਰ ਕੇ ਇੱਕ ਦਲਿਤ ਆਗੂ ਦੀ ਬੇਇੱਜ਼ਤੀ ਕੀਤੀ ਹੈ।

Exit mobile version