ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਭਾਸਕਰ ਦੀ ਖ਼ਬਰ ਮੁਤਾਬਕ ਭਾਜਪਾ ਨੂੰ ਕੈਪਟਨ ਨੂੰ ਜੰਮੂ ਅਤੇ ਕਸ਼ਮੀਰ ਦਾ ਗਵਰਨਰ ਨਿਯੁਕਤ ਕਰ ਸਕਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਮਹਾਰਾਸ਼ਟਰ ਦਾ ਰਾਜਪਾਲ ਲਾਉਣ ਦੀ ਚਰਚਾ ਵੀ ਰਹੀ ਸੀ।
ਖ਼ਬਰ ਮੁਤਾਬਕ 2023 ਦੀਆਂ ਚੋਣਾਂ ਵਿੱਚ ਉੱਤਰਨ ਤੋਂ ਪਹਿਲਾਂ ਬੀਜੇਪੀ ਤਿੰਨ ਰਾਜਾਂ ਦੇ ਰਾਜਪਾਲਾਂ ਨੂੰ ਬਦਲ ਸਕਦੀ ਹੈ। ਇਸੇ ਕੜੀ ਵਜੋਂ ਜੰਮੂ ਕਸ਼ਮੀਰ ਦੀ ਰਾਜਨੀਤੀ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਚਰਚਾ ਵਿੱਚ ਹੈ। 2020 ‘ਚ ਰਾਜਪਾਲ ਬਣੇ ਮਨੋਜ ਸਿਨਹਾ ਦੀ ਥਾਂ ਕੈਪਟਨ ਨੂੰ ਇਹ ਜ਼ਿੰਮੇਵਾਰੀ ਸੌਂਪਣ ‘ਤੇ ਵਿਚਾਰ ਚੱਲ ਰਿਹਾ ਹੈ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਨਾਲ ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਵੀ ਵਿਚਾਰ ਅਧੀਨ ਹਨ।
2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਪੰਜਾਬ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ। ਇਸ ਕੜੀ ਵਜੋਂ ਸੂਬੇ ਦੀ ਰਾਜਨੀਤੀ ਵਿੱਚ ਬੀਜੀਪੀ ਵੱਡੀਆਂ ਤਬਦੀਲੀਆਂ ਕਰਨ ਦੀ ਮੂਡ ਵਿੱਚ ਹੈ। ਇਸੇ ਕੜੀ ਵਜੋਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਨਿਯੁਕਤ ਕੀਤਾ। ਹੁਣ 81 ਸਾਲਾ ਕੈਪਟਨ ਅਮਰਿੰਦਰ ਸਿੰਘ ਨੂੰ ਅਹਿਮ ਜ਼ਿੰਮੇਵਾਰੀ ਦੇਣ ਦੀ ਚਰਚਾ ਚੱਲ ਰਹੀ ਹੈ।
ਬੇਸ਼ੱਕ ਕੈਪਟਨ ਰਾਜਨੀਤਕ ਤੌਰ ਉੱਤੇ ਸੁਰਖ਼ੀਆਂ ਵਿੱਚ ਨਹੀਂ ਹਨ ਪਰ ਉਨ੍ਹਾਂ ਦੀ ਬੇਟੀ ਜੈਇੰਦਰ ਕੌਰ ਕਾਫ਼ੀ ਸਰਗਰਮ ਦਿਖਾਈ ਦੇ ਰਹੀ ਹੈ। ਉਹ ਪਾਰਟੀ ਦੇ ਕੌਮੀ ਅਤੇ ਸੂਬਾ ਪੱਧਰੀ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਦੀ ਹੈ। ਪਿਛਲੇ ਦਿਨੀਂ ਅੰਮ੍ਰਿਤਸਰ ਦੌਰੇ ਦੌਰਾਨ ਜੈਇੰਦਰ ਕੌਰ ਨੇ ਹਰਿਮੰਦਰ ਸਾਹਿਬ ਪਹੁੰਚ ਕੇ ਸੁਨੀਲ ਜਾਖੜ ਨੂੰ ਵਧਾਈ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਭਾਜਪਾ ਨੇ 2024 ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ 13 ਸੀਟਾਂ ਉੱਤੇ ਆਪਣੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸ ਚੋਣ ਤਿਆਰੀ ਲਈ ਬੀਜੇਪੀ ਕਾਂਗਰਸ ਛੱਡੇ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਵੱਡੇ ਚਿਹਰਿਆਂ ਉੱਤੇ ਭਰੋਸਾ ਜਤਾ ਰਹੀ ਹੈ। ਇਸੇ ਕੜੀ ਵਜੋਂ ਸੁਨੀਲ ਜਾਖੜ ਤੋਂ ਬਾਅਦ ਹੁਣ ਕੈਪਟਨ ਨੂੰ ਵੀ ਵੱਡੀ ਜ਼ਿੰਮੇਵਾਰੀ ਸੌਂਪਣ ਦੀ ਚਰਚਾ ਛਿੜੀ ਹੋਈ ਹੈ।