‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਅੰਮ੍ਰਿਤਸਰ (Amritsar) ਜ਼ਿਲ੍ਹੇ ਦੇ ਪਿੰਡ ਨਵਾਂ ਪਿੰਡ (Nawan Pind) ਦੇ ਸਾਬਕਾ ਅਕਾਲੀ ਸਰਪੰਚ ਮਲਕੀਤ ਸਿੰਘ (Malkeet Singh) ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Panchayat Minister Kuldeep Singh Dhaliwal) ਨੇ ਉਨ੍ਹਾਂ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਕੀਤਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਦੇ ਸਮਰਥਕ ਵੀ ਉਹਨਾਂ ਦੇ ਨਾਲ ਮੌਜੂਦ ਸਨ।
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਗਿਣਾਇਆ। ਧਾਲੀਵਾਲ ਨੇ ਕਿਹਾ ਕਿ ਸਾਡੇ ਕੰਮ ਕਰਨ ਦਾ ਸਟਾਈਲ ਕਾਂਗਰਸ, ਬੀਜੇਪੀ, ਅਕਾਲੀ ਦਲ ਨਾਲੋਂ ਵੱਖਰਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਛੇ ਮਹੀਨੇ ਫਿਲਹਾਲ ਪੰਜਾਬ ਦੀ ਸਥਿਤੀ ਨੂੰ ਹੀ ਸਮਝਿਆ ਹੈ, ਸਥਿਤੀ ਨੂੰ ਸਮਝਣ ਤੋਂ ਬਾਅਦ ਅਸੀਂ ਕੰਮ ਕਰਨ ਦੀ ਤਿਆਰੀ ਕਰ ਰਹੇ ਹਾਂ। ਪੰਜਾਬ ਦੇ ਕਈ ਵੱਡੇ ਮੁੱਦੇ ਹਨ ਜਿਵੇਂ ਨਸ਼ਿਆਂ ਦਾ ਮੁੱਦਾ ਹੈ, ਇਸ ਨੂੰ ਸਾਫ਼ ਕਰਨ ਵਿੱਚ ਸਮਾਂ ਲੱਗੇਗਾ। ਆਪ ਦੇ ਸਾਰੇ ਵਿਧਾਇਕ ਪਹਿਲੀ ਵਾਰ ਚੁਣੇ ਗਏ ਹਨ, ਇਸ ਕਰਕੇ ਹਾਲੇ ਪਿਛਲੀਆਂ ਸਰਕਾਰਾਂ ਵੱਲੋਂ ਪਾਏ ਗਏ ਖਿਲਾਰੇ ਨੂੰ ਹੀ ਸਮਝਿਆ ਗਿਆ ਹੈ।
ਧਾਲੀਵਾਲ ਨੇ ਕਿਹਾ ਕਿ ਪੰਜਾਬ ਨੂੰ ਪੰਜਾਬ ਬਣਾਉਣ ਦੀ ਜੰਗ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸ਼ੁਰੂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਰਵਾਇਤੀ ਪਾਰਟੀਆਂ ਵੱਲੋਂ ਸਾਨੂੰ ਕੰਮ ਕਰਨ ਤੋਂ ਡੱਕਿਆ ਜਾ ਰਿਹਾ ਹੈ। ਧਾਲੀਵਾਲ ਨੇ ਸਾਰਿਆਂ ਲੋਕਾਂ ਨੂੰ ਕਿਹਾ ਕਿ ਮੇਰੇ ਕੋਲ ਸਿਰਫ਼ ਵਿਕਾਸ ਵਾਸਤੇ ਆਵੋ, ਕੋਈ ਸਿਫਾਰਸ਼ ਲੈ ਕੇ ਨਾ ਆਇਉ।
ਮੀਂਹ ‘ਚ ਭਿੱਜਦੇ ਰਹੇ ਲੋਕ, ਚਾਰ ਵਾਰ ਸਮਾਂ ਬਦਲ ਕੇ ਪਹੁੰਚੇ ਮੰਤਰੀ ਧਾਲੀਵਾਲ
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼ਨੀਵਾਰ ਨੂੰ ਨਵਾਂ ਪਿੰਡ ਵਿਖੇ ਪਿੰਡਵਾਸੀਆਂ ਨੂੰ ਚਾਰ ਵਜੇ ਪਹੁੰਚਣ ਦਾ ਸੱਦਾ ਦਿੱਤਾ ਹੋਇਆ ਸੀ। ਉਸ ਦਿਨ ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਪਿੰਡਵਾਸੀਆਂ ਦੀਆਂ ਤਿਆਰੀਆਂ ਵਿੱਚ ਵਿਘਨ ਤਾਂ ਪਾਇਆ ਪਰ ਸਾਰੇ ਮੰਤਰੀ ਦੀ ਉਡੀਕ ਵਿੱਚ ਮੀਂਹ ਵਿੱਚ ਤਿਆਰੀਆਂ ਕਰਦੇ ਰਹੇ। ਮੰਤਰੀ ਧਾਲੀਵਾਲ ਦੇ ਸਵਾਗਤ ਲਈ ਲਗਾਏ ਗਏ ਟੈਂਟ ਵੀ ਮੀਂਹ ਨਾਲ ਭਿੱਜ ਗਏ ਸਨ ਅਤੇ ਪਿੰਡਵਾਸੀਆਂ ਦੇ ਬੈਠਣ ਲਈ ਲਗਾਈਆਂ ਗਈਆਂ ਕੁਰਸੀਆਂ ਵਿੱਚ ਗਿੱਲੀਆਂ ਹੋ ਗਈਆਂ ਸਨ।
ਚਾਰ ਵਜੇ ਸਾਰੇ ਪਿੰਡਵਾਸੀ ਮੰਤਰੀ ਧਾਲੀਵਾਲ ਦੇ ਸਵਾਗਤ ਲਈ ਸਾਬਕਾ ਪੰਚਾਇਤ ਮੰਤਰੀ ਮਲਕੀਤ ਸਿੰਘ ਦੇ ਘਰ ਇਕੱਠੇ ਹੋ ਗਏ। ਪਰ ਧਾਲੀਵਾਲ ਵੱਲੋਂ ਪਿੰਡਵਾਸੀਆਂ ਨੂੰ ਚਾਰ ਵਾਰ ਵੱਖ ਵੱਖ ਸਮਾਂ ਦਿੱਤਾ ਗਿਆ। ਪਿੰਡਵਾਸੀ ਮੀਂਹ ਵਿੱਚ ਹੀ ਉਨ੍ਹਾਂ ਦਾ ਇੰਤਜ਼ਾਰ ਕਰਦੇ ਰਹੇ। ਧਾਲੀਵਾਲ ਚਾਰ ਵਜੇ ਪਹੁੰਚਣ ਦੀ ਬਜਾਏ ਰਾਤ ਸੱਤ ਵਜੇ ਪਿੰਡ ਪਹੁੰਚੇ। ਪਿੰਡਵਾਸੀਆਂ ਨੇ ਗਿੱਲੀਆਂ ਕੁਰਸੀਆਂ ਉੱਤੇ ਬੈਠ ਕੇ ਹੀ ਮੰਤਰੀ ਧਾਲੀਵਾਲ ਦਾ ਭਾਸ਼ਣ ਸੁਣਿਆ। ਇਸ ਤੋਂ ਬਾਅਦ ਧਾਲੀਵਾਲ ਨੇ ਸਾਬਕਾ ਸਰਪੰਚ ਮਲਕੀਤ ਸਿੰਘ ਨੂੰ ਗਲ ਵਿੱਚ ਪੱਲਾ ਪਾ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ।