ਬਿਊਰ ਰਿਪੋਰਟ (5 ਸਤੰਬਰ 2025): ਲਗਾਤਾਰ ਮੀਂਹ ਕਾਰਨ ਪਹਾੜੀ ਸੂਬਿਆਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਤਬਾਹੀ ਫੈਲ ਰਹੀ ਹੈ। ਦਿੱਲੀ-NCR ਵਿੱਚ ਯਮੁਨਾ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਇਸ ਕਾਰਨ ਨੋਇਡਾ ਦੇ ਸੈਕਟਰ-135 ਅਤੇ ਸੈਕਟਰ-151 ਸਮੇਤ ਕਈ ਇਲਾਕੇ ਪਾਣੀ ਦੀ ਚਪੇਟ ਹੇਠ ਆ ਗਏ ਹਨ। ਕੁਝ ਜਗ੍ਹਾਵਾਂ ਤੇ 3 ਤੋਂ 4 ਫੁੱਟ ਤੱਕ ਪਾਣੀ ਭਰ ਗਿਆ ਹੈ।
ਉੱਧਰ ਹਰਿਆਣਾ ਦੇ ਪੰਚਕੁਲਾ, ਹਿਸਾਰ, ਰੋਹਤਕ ਅਤੇ ਝੱਜਰ ਵਿੱਚ ਸਾਰੇ ਸਕੂਲ ਬੰਦ ਹਨ, ਜਦਕਿ ਫਤਿਹਾਬਾਦ, ਕੁਰੂਕਸ਼ੇਤਰ, ਯਮੁਨਾਨਗਰ ਅਤੇ ਫਰੀਦਾਬਾਦ ਵਿੱਚ ਵੀ ਕਈ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਗੁਰੂਗਰਾਮ ਦੀ ਸਿਗਨੇਚਰ ਗਲੋਬਲ ਸਲੋਰਾ ਸੋਸਾਇਟੀ ਵਿੱਚ ਪਾਣੀ ਘਰਾਂ ਅੰਦਰ ਦਾਖ਼ਲ ਹੋ ਗਿਆ ਜਿਸ ਕਰਕੇ ਔਰਤਾਂ ਤੇ ਬੱਚੇ ਘਰਾਂ ਵਿੱਚ ਕੈਦ ਰਹੇ।
ਰਾਜਸਥਾਨ ਦੇ ਅਜਮੇਰ ਵਿੱਚ ਵੀ ਵੀਰਵਾਰ ਰਾਤ ਭਾਰੀ ਮੀਂਹ ਤੋਂ ਬਾਅਦ ਬੋਰਾਜ਼ ਤਲਾਬ ਦੀ ਕੰਧ ਢਹਿ ਗਈ। ਇਸ ਕਾਰਨ ਹਜ਼ਾਰ ਤੋਂ ਵੱਧ ਘਰਾਂ ਵਿੱਚ ਅਚਾਨਕ ਸੈਲਾਬ ਆ ਗਿਆ। ਲੋਕਾਂ ਨੇ ਛੱਤਾਂ ‘ਤੇ ਚੜ੍ਹ ਕੇ ਆਪਣੀ ਜਾਨ ਬਚਾਈ। ਤੇਜ਼ ਪਾਣੀ ਦੇ ਬਹਾਅ ਨਾਲ ਕਈ ਗੱਡੀਆਂ ਵਹਿ ਗਈਆਂ ਅਤੇ ਘਰ ਤਬਾਹ ਹੋ ਗਏ। ਰਾਤ ਭਰ ਲੋਕਾਂ ਨੂੰ ਬਚਾਉਣ ਲਈ ਰੈਸਕਿਊ ਅਭਿਆਨ ਚਲਾਇਆ ਗਿਆ।
ਪੰਜਾਬ ਵਿੱਚ ਹੜ੍ਹਾਂ ਨੇ ਕਹਿਰ ਮਚਾਇਆ ਹੋਇਆ ਹੈ। ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ ਵੀਰਵਾਰ ਨੂੰ ਵਧ ਕੇ 43 ਹੋ ਗਈ ਹੈ। ਸੂਬੇ ਦੇ 23 ਜ਼ਿਲ੍ਹਿਆਂ ਦੇ 1,655 ਪਿੰਡਾਂ ਵਿੱਚ 3.55 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹਨ। 1.71 ਲੱਖ ਹੈਕਟੇਅਰ ਤੋਂ ਵੱਧ ਖੇਤਾਂ ਵਿੱਚ ਲੱਗੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ। ਹਾਲਾਂਕਿ ਅਗਲੇ 5 ਦਿਨਾਂ ਲਈ ਮੀਂਹ ਦਾ ਕੋਈ ਅਲਰਟ ਨਹੀਂ ਹੈ ਜਿਸ ਨਾਲ ਹੜ੍ਹ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ।