The Khalas Tv Blog Punjab ਲੁਧਿਆਣਾ ’ਚ ਹੜ੍ਹ ਦਾ ਖ਼ਤਰਾ- ਸਤਲੁਜ ’ਤੇ ਬਣੇ ਬੰਨ੍ਹ ਨੂੰ ਲੱਗੀ ਵੱਡੀ ਢਾਹ, ਘਰ ਛੱਡ ਕੇ ਭੱਜੇ ਲੋਕ, ਬਚਾਅ ਦਲ ਤਾਇਨਾਤ
Punjab

ਲੁਧਿਆਣਾ ’ਚ ਹੜ੍ਹ ਦਾ ਖ਼ਤਰਾ- ਸਤਲੁਜ ’ਤੇ ਬਣੇ ਬੰਨ੍ਹ ਨੂੰ ਲੱਗੀ ਵੱਡੀ ਢਾਹ, ਘਰ ਛੱਡ ਕੇ ਭੱਜੇ ਲੋਕ, ਬਚਾਅ ਦਲ ਤਾਇਨਾਤ

ਬਿਊਰੋ ਰਿਪੋਰਟ (ਲੁਧਿਆਣਆ, 5 ਸਤੰਬਰ 2025): ਲੁਧਿਆਣਾ ਈਸਟ ਵਿੱਚ ਸਤਲੁਜ ਦਰਿਆ ਦੇ ਤੇਜ਼ ਵਹਾਅ ਕਾਰਨ ਹੜ੍ਹ ਦਾ ਖ਼ਤਰਾ ਬਣ ਗਿਆ ਹੈ। ਸਸਰਾਲੀ ਬੰਨ੍ਹ ਕਮਜ਼ੋਰ ਹੋਣ ਕਾਰਨ ਲੋਕਾਂ ਵਿੱਚ ਚਿੰਤਾ ਵਧ ਗਈ ਹੈ। ਹਾਲਾਂਕਿ ਪ੍ਰਸ਼ਾਸਨ ਨੇ ਹਾਲਾਤਾਂ ’ਤੇ ਕਾਬੂ ਪਾਉਣ ਲਈ ਜੰਗੀ ਪੱਧਰ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਫੌਜ, ਐਨਡੀਆਰਐਫ ਅਤੇ ਸਥਾਨਕ ਲੋਕ ਮਿਲ ਕੇ ਬੰਧ ਨੂੰ ਮਜ਼ਬੂਤ ਕਰਨ ਵਿੱਚ ਜੁਟੇ ਹੋਏ ਹਨ।

ਡਿਪਟੀ ਕਮਿਸ਼ਨਰ ਹਿਮਾਂਸ਼ੁ ਜੈਨ ਨੇ ਸ਼ੁੱਕਰਵਾਰ ਨੂੰ ਖ਼ੁਦ ਮੌਕੇ ’ਤੇ ਪਹੁੰਚ ਕੇ ਬੰਨ੍ਹ ਦੀ ਮੁਰੰਮਤ ਅਤੇ ਸੁਰੱਖਿਆ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਸਚੇਤ ਹੈ ਅਤੇ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।

ਜੇਕਰ ਸਤਲੁਜ ਦਾ ਪਾਣੀ ਹੋਰ ਵੱਧ ਗਿਆ ਤਾਂ ਲੁਧਿਆਣਾ ਦੇ 14 ਪਿੰਡਾਂ ਵਿੱਚ ਹੜ੍ਹ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਰਾਹੋਂ ਰੋਡ, ਟਿੱਬਾ ਰੋਡ, ਤਾਜਪੁਰ ਰੋਡ, ਨੂਰਵਾਲਾ ਰੋਡ ਅਤੇ ਸਮਰਾਲਾ ਚੌਂਕ ਤੱਕ ਪਾਣੀ ਪਹੁੰਚਣ ਦੀ ਸੰਭਾਵਨਾ ਹੈ। ਸਾਹਨੇਵਾਲ ਦੇ ਧਨਾਸੂ ਇਲਾਕੇ ਵਿੱਚ ਵੀ ਪਾਣੀ ਵੜਨ ਦਾ ਖ਼ਤਰਾ ਹੈ, ਜਿਸ ਨਾਲ 50 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋ ਸਕਦੇ ਹਨ।

ਭਾਖੜਾ ਡੈਮ ਦਾ ਜਲ ਪੱਧਰ ਵੀ ਖ਼ਤਰੇ ਦੇ ਨਿਸ਼ਾਨ 1680 ਫੁੱਟ ਦੇ ਨੇੜੇ ਪਹੁੰਚ ਗਿਆ ਹੈ। ਇਸ ਵੇਲੇ ਪਾਣੀ ਦਾ ਪੱਧਰ 1678.74 ਫੁੱਟ ਹੈ। ਡੈਮ ਦੇ ਚਾਰ ਗੇਟ 10-10 ਫੁੱਟ ਤੱਕ ਖੋਲ੍ਹੇ ਗਏ ਹਨ। ਇਸ ਸਮੇਂ ਬੰਧ ਵਿੱਚ ਪਾਣੀ ਦੀ ਆਮਦ 76,318 ਕਿਊਸਕ ਅਤੇ ਨਿਕਾਸੀ 80,792 ਕਿਊਸਕ ਕੀਤੀ ਜਾ ਰਹੀ ਹੈ।

Exit mobile version