The Khalas Tv Blog Punjab ਪੰਜਾਬ ਵਿੱਚ ਹੜ੍ਹ ਦਾ ਖ਼ਤਰਾ ਬਰਕਰਾਰ, 3.55 ਲੱਖ ਤੋਂ ਵੱਧ ਪ੍ਰਭਾਵਿਤ, 3 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ
Punjab

ਪੰਜਾਬ ਵਿੱਚ ਹੜ੍ਹ ਦਾ ਖ਼ਤਰਾ ਬਰਕਰਾਰ, 3.55 ਲੱਖ ਤੋਂ ਵੱਧ ਪ੍ਰਭਾਵਿਤ, 3 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ

ਪੰਜਾਬ ਸਰਕਾਰ ਨੇ 3 ਸਤੰਬਰ 2025 ਤੱਕ ਦੀ ਸਥਿਤੀ ਸਾਂਝੀ ਕਰਦਿਆਂ ਦੱਸਿਆ ਕਿ ਸੂਬੇ ਦੇ 23 ਜ਼ਿਲ੍ਹਿਆਂ ਵਿੱਚ 1655 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ, ਜਿਸ ਨਾਲ 3,55,709 ਲੋਕ ਪ੍ਰਭਾਵਿਤ ਹਨ। 37 ਲੋਕਾਂ ਦੀ ਮੌਤ ਹੋਈ ਅਤੇ 3 ਵਿਅਕਤੀ (ਪਠਾਨਕੋਟ) ਗੁੰਮਸ਼ੁਦਾ ਹਨ। ਸਥਿਤੀ ਅਜੇ ਵੀ ਗੰਭੀਰ ਹੈ, ਖਾਸ ਕਰਕੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਫਿਰੋਜ਼ਪੁਰ ਵਿੱਚ, ਜਿੱਥੇ ਰਾਵੀ ਅਤੇ ਸਤਲੁਜ ਨਦੀਆਂ ਦਾ ਪਾਣੀ ਵਧਣ ਕਾਰਨ ਕਈ ਪਿੰਡ ਪ੍ਰਭਾਵਿਤ ਹਨ।

ਅੰਮ੍ਰਿਤਸਰ ਦੇ 140 ਪਿੰਡ ਅਜੇ ਵੀ ਹੜ੍ਹ ਦੀ ਲਪੇਟ ਵਿੱਚ ਹਨ। ਮੌਸਮ ਵਿਭਾਗ ਨੇ ਮਾਨਸਾ, ਸੰਗਰੂਰ ਅਤੇ ਬਰਨਾਲਾ ਵਿੱਚ ਸਵੇਰੇ 9 ਵਜੇ ਤੱਕ ਭਾਰੀ ਮੀਂਹ ਦਾ ਫਲੈਸ਼ ਅਲਰਟ ਜਾਰੀ ਕੀਤਾ ਹੈ, ਜਦਕਿ ਨੇੜਲੇ ਇਲਾਕਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਨਾਲ ਰਾਹਤ ਕਾਰਜਾਂ ਵਿੱਚ ਮੁਸ਼ਕਲਾਂ ਵਧ ਸਕਦੀਆਂ ਹਨ। ਹਾਲਾਂਕਿ, ਮੀਂਹ ਰੁਕਣ ਨਾਲ ਕੁਝ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋਇਆ ਹੈ, ਪਰ ਸਤਲੁਜ ਅਤੇ ਘੱਗਰ ਨਦੀਆਂ ਅਜੇ ਵੀ ਉਫਾਨ ‘ਤੇ ਹਨ।

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਆ ਰਹੇ ਹਨ। ਇਸ ਸਾਲ ਰਾਵੀ ਨਦੀ ਨੇ ਸਭ ਤੋਂ ਵੱਧ ਨੁਕਸਾਨ ਕੀਤਾ, ਜਿਸ ਨਾਲ ਕਈ ਪਿੰਡਾਂ ਵਿੱਚ ਪਾਣੀ ਘਟਣ ਤੋਂ ਬਾਅਦ ਨੁਕਸਾਨ ਸਾਹਮਣੇ ਆਇਆ। ਲੋਕਾਂ ਦੇ ਘਰਾਂ ਵਿੱਚ ਰੇਤ ਜਮ੍ਹਾਂ ਹੋ ਗਈ, ਫਸਲਾਂ ਰੇਤ ਦੀ ਲਪੇਟ ਵਿੱਚ ਹਨ, ਅਤੇ ਕਈ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਤੇ ਛੱਤਾਂ ਢਹਿ ਗਈਆਂ ਹਨ।

ਕੱਚੇ ਘਰ ਰਹਿਣ ਯੋਗ ਨਹੀਂ ਰਹੇ। ਲੋਕ ਮੁਆਵਜ਼ੇ ਅਤੇ ਪੁਨਰਵਾਸ ਲਈ ਸਰਕਾਰ ਵੱਲ ਦੇਖ ਰਹੇ ਹਨ। ਅੰਮ੍ਰਿਤਸਰ ਦੇ ਰਾਮਦਾਸ ਖੇਤਰ ਵਿੱਚ ਰਾਵੀ ਦਾ ਪਾਣੀ ਫਿਰ ਵਧਣ ਲੱਗਾ ਹੈ। ਫਾਜ਼ਿਲਕਾ ਵਿੱਚ ਅਲਰਟ ਜਾਰੀ ਹੈ, ਕਿਉਂਕਿ ਹਰੀਕੇ ਹੱਥ ਨੇ 3 ਲੱਖ 3 ਹਜ਼ਾਰ ਕਿਊਸਿਕ ਪਾਣੀ ਛੱਡਿਆ ਹੈ, ਜੋ ਅੱਜ ਫਾਜ਼ਿਲਕਾ ਪਹੁੰਚੇਗਾ। ਸਤਲੁਜ ਦਾ ਵਹਾਅ ਵਧਣ ਨਾਲ 34 ਪਿੰਡ ਹੜ੍ਹ ਦੀ ਲਪੇਟ ਵਿੱਚ ਹਨ, ਅਤੇ ਪਾਣੀ ਕਾਨਵਾਲੀ ਪੁਲ ਤੋਂ ਵੀ ਉੱਪਰ ਵਹਿ ਰਿਹਾ ਹੈ।

ਐਨਆਰਆਈ ਬਲਜੀਤ ਗਿੱਲ ਨੇ 1.5 ਕਰੋੜ ਰੁਪਏ ਇਕੱਠੇ ਕਰਕੇ ਬਾਬਾ ਦੀਪ ਸਿੰਘ ਸੇਵਾ ਦਲ ਨੂੰ ਟਰੱਕ ਦਿੱਤਾ, ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਮਦਦ ਕਰੇਗਾ।

 

Exit mobile version