The Khalas Tv Blog Punjab ਸਰਦੀ ਦੀ ਪਹਿਲੀ ਸੰਘਣੀ ਧੁੰਦ, ਅੰਮ੍ਰਿਤਸਰ ‘ਚ ਵਿਜ਼ੀਬਿਲਟੀ ਜ਼ੀਰੋ
Punjab

ਸਰਦੀ ਦੀ ਪਹਿਲੀ ਸੰਘਣੀ ਧੁੰਦ, ਅੰਮ੍ਰਿਤਸਰ ‘ਚ ਵਿਜ਼ੀਬਿਲਟੀ ਜ਼ੀਰੋ

Mohali : ਵੀਰਵਾਰ ਨੂੰ ਲੋਕਾਂ ਨੂੰ ਸਵੇਰੇ ਠੰਢਕ ਤੇ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪਿਆ। ਹਵਾ ਪ੍ਰਦੂਸ਼ਣ ਕਰਕੇ ਲੋਕਾਂ ਨੂੰ ਪਹਿਲਾਂ ਹੀ ਧੁੰਦਲਾ ਦਿਖਾਈ ਦੇ ਰਿਹਾ ਸੀ ਪਰ ਸੰਘਣੀ ਧੁੰਦ ਪੈਣ ਕਰਕੇ ਸੜਕ ’ਤੇ ਦਿਖਣਾ ਹੀ ਬੰਦ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੰਘਣੀ ਧੁੰਦ ਨਾਲ ਦਿੱਸਣ ਦੀ ਹੱਦ (ਵਿਜ਼ੀਬਿਲਟੀ) ਬਹੁਤ ਘੱਟ ਸੀ।

ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ‘ਚ ਬਰਫਬਾਰੀ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ‘ਚ ਤਾਪਮਾਨ ‘ਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਇਹੀ ਡਬਲਯੂਡੀ 15 ਨਵੰਬਰ ਨੂੰ ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਮੌਸਮ ਵਿਭਾਗ ਨੇ ਇਸ ਦਿਨ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

ਮੌਸਮ ਕੇਂਦਰ (ਆਈਐਮਡੀ) ਅਨੁਸਾਰ ਪੰਜਾਬ ਵਿੱਚ ਇੱਕ ਦਿਨ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 2.2 ਡਿਗਰੀ ਅਤੇ ਚੰਡੀਗੜ੍ਹ ਵਿੱਚ 1.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ‘ਚ ਵੀ ਕਰੀਬ 1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਰ ਇਹ ਅਜੇ ਵੀ ਆਮ ਨਾਲੋਂ ਲਗਭਗ 7 ਡਿਗਰੀ ਵੱਧ ਹੈ।

ਪਹਾੜਾਂ ‘ਤੇ ਬਰਫਬਾਰੀ ਦੇ ਨਾਲ-ਨਾਲ ਪੰਜਾਬ-ਚੰਡੀਗੜ੍ਹ ‘ਚ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ। ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ ਜ਼ੀਰੋ ਤੱਕ ਪਹੁੰਚ ਗਈ ਹੈ। ਮੌਸਮ ਵਿਭਾਗ ਨੇ 15 ਨਵੰਬਰ ਤੱਕ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ।

ਏਅਰਵੇਜ਼ ਪ੍ਰਭਾਵਿਤ

ਸੰਘਣੀ ਧੁੰਦ ਕਾਰਨ ਉਡਾਣਾਂ ਦਾ ਸਮਾਂ ਲਗਾਤਾਰ ਬਦਲ ਰਿਹਾ ਹੈ। ਅੰਮ੍ਰਿਤਸਰ ਤੋਂ ਮਿਲਾਨ ਲਈ ਐਨਆਈਏ ਦੀ ਉਡਾਣ ਨੇ ਦੁਪਹਿਰ 3:30 ਵਜੇ ਉਡਾਣ ਭਰਨੀ ਸੀ ਅਤੇ ਦੋਹਾ ਲਈ ਕਤਰ ਏਅਰਵੇਜ਼ ਦੀ ਉਡਾਣ ਨੇ ਸਵੇਰੇ 4:10 ਵਜੇ ਉਡਾਣ ਭਰਨੀ ਸੀ, ਪਰ ਦੋਵੇਂ ਉਡਾਣਾਂ ਨੇ ਉਡਾਣ ਨਹੀਂ ਭਰੀ।

ਇਸ ਤੋਂ ਇਲਾਵਾ ਸਵੇਰੇ 6:05 ਵਜੇ ਦਿੱਲੀ ਜਾਣ ਵਾਲੀ ਇੰਡੀਗੋ ਦੀ ਫਲਾਈਟ 8:05 ਵਜੇ ਦੇਰੀ ਨਾਲ ਉਡਾਣ ਭਰੇਗੀ। ਸਵੇਰੇ 6:50 ‘ਤੇ ਦਿੱਲੀ ਲਈ ਏਅਰ ਇੰਡੀਆ ਦੀ ਫਲਾਈਟ ਸਵੇਰੇ 8:40 ‘ਤੇ ਉਡਾਣ ਭਰੇਗੀ।

Exit mobile version