The Khalas Tv Blog India ਪਹਿਲਾ ਪ੍ਰਕਾਸ਼ ਪੁਰਬ : ਤਖ਼ਤ ਸ੍ਰੀ ਹਜੂਰ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼
India Religion

ਪਹਿਲਾ ਪ੍ਰਕਾਸ਼ ਪੁਰਬ : ਤਖ਼ਤ ਸ੍ਰੀ ਹਜੂਰ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼

ਤਖ਼ਤ ਸ੍ਰੀ ਹਜੂਰ ਸਾਹਿਬ, ਨਾਂਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਦੀਆਂ ਪੁਰਾਣੀ ਰਵਾਇਤ ਅਨੁਸਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪਵਿੱਤਰ ਅਵਸਰ ‘ਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਨੂੰ ਫੁੱਲਾਂ ਨਾਲ ਅਲੌਕਿਕ ਅਤੇ ਖੂਬਸੂਰਤ ਸਜਾਵਟ ਨਾਲ ਸਜਾਇਆ ਗਿਆ, ਜਿਸ ਨੇ ਸੰਗਤਾਂ ਦੇ ਮਨ ਮੋਹ ਲਏ।

ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਪਾਵਨ ਦਿਹਾੜੇ ‘ਤੇ ਨਤਮਸਤਕ ਹੋਣ ਲਈ ਪਹੁੰਚੀਆਂ। ਸੰਗਤਾਂ ਨੇ ਗੁਰੂ ਘਰ ਵਿਖੇ ਸ਼ਰਧਾ ਨਾਲ ਅਰਦਾਸ ਕੀਤੀ ਅਤੇ ਇਸ ਮੌਕੇ ਦੀ ਖੁਸ਼ੀ ਵਿੱਚ ਸ਼ਾਮਲ ਹੋਈਆਂ।

ਡਾ. ਵਿਜੇ ਸਤਬੀਰ ਸਿੰਘ, ਪ੍ਰਬੰਧਕ, ਗੁਰਦੁਆਰਾ ਸੱਚਖੰਡ ਬੋਰਡ, ਨਾਂਦੇੜ ਨੇ ਸੰਗਤ ਨੂੰ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਗੁਰੂਆਂ ਦੀ ਬਾਣੀ ਦੇ ਨਾਲ-ਨਾਲ ਵੱਖ-ਵੱਖ ਸੂਬਿਆਂ, ਭਾਸ਼ਾਵਾਂ, ਖੇਤਰਾਂ ਅਤੇ ਸਮਾਜਿਕ ਵਰਗਾਂ ਦੇ ਸੰਤਾਂ ਦੀ ਬਾਣੀ ਦਾ ਸੰਗ੍ਰਹਿ ਹੈ। ਇਸ ਵਿੱਚ ਆਪਸੀ ਪਿਆਰ, ਏਕਤਾ, ਭਾਈਚਾਰਾ ਅਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਸਮਾਇਆ ਹੋਇਆ ਹੈ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਇਸ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਇਸ ਨੂੰ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਾਉਣ ਦੀ ਲੋੜ ਹੈ। ਇਸ ਨਾਲ ਅਮਨ, ਸ਼ਾਂਤੀ ਅਤੇ ਆਪਸੀ ਸਦਭਾਵਨਾ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਇਸ ਪਵਿੱਤਰ ਮੌਕੇ ‘ਤੇ ਨਾਂਦੇੜ ਦੇ ਗੁਰਦੁਆਰਿਆਂ ਅਤੇ ਹੋਰ ਧਾਰਮਿਕ ਸਥਾਨਾਂ ‘ਤੇ ਵੀ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸੰਦੇਸ਼ ਸਾਰੇ ਸਮਾਜ ਨੂੰ ਇੱਕਜੁਟਤਾ ਅਤੇ ਪਿਆਰ ਦੀ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ।

ਇਸ ਅਵਸਰ ‘ਤੇ ਸੰਗਤਾਂ ਨੇ ਗੁਰਬਾਣੀ ਦੇ ਪਾਠ, ਕੀਰਤਨ ਅਤੇ ਅਰਦਾਸ ਵਿੱਚ ਹਿੱਸਾ ਲਿਆ। ਡਾ. ਸਤਬੀਰ ਸਿੰਘ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁਰੂ ਜੀ ਦੇ ਸੰਦੇਸ਼ ਨੂੰ ਅਮਲੀ ਜਾਮਾ ਪਹਿਨਾਉਣ ਅਤੇ ਸਮਾਜ ਵਿੱਚ ਸ਼ਾਂਤੀ ਤੇ ਏਕਤਾ ਦੀ ਮਿਸਾਲ ਕਾਇਮ ਕਰਨ। ਅਖੀਰ ਵਿੱਚ, ਉਨ੍ਹਾਂ ਨੇ ਸਾਰੀ ਸੰਗਤ ਨੂੰ ਇਸ ਪਵਿੱਤਰ ਦਿਹਾੜੇ ‘ਤੇ ਮੁੜ ਵਧਾਈ ਦਿੱਤੀ।

ਅੱਜ ਦਾ ਇਤਿਹਾਸ

ਪਹਿਲਾ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਦੇ ਦਿਨ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੰਨ ੧੬੦੪(1604) ਈਸਵੀ ਵਿੱਚ ਹੋਇਆ। ਰਾਮਸਰ ਸਾਹਿਬ ਤੋਂ ਸੰਗਤਾਂ ਦੀ ਭਰਪੂਰ ਹਾਜ਼ਰੀ ਵਿੱਚ ਨਗਰ ਕੀਰਤਨ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਤੱਕ ਬਾਬਾ ਬੁੱਢਾ ਜੀ ਦੇ ਸੀਸ ਤੇ ਸਜਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਚਵਰ ਕਰਦੇ ਪੁੱਜੇ ਅਤੇ ਪਹਿਲਾਂ ਪ੍ਰਕਾਸ਼ ਭਾਦੋਂ ਸੁਦੀ ਪਹਿਲੀ ਸੰਮਤ 1661, 1604 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ। ਬਾਬਾ ਬੁੱਢਾ ਜੀ, ਜਿਨ੍ਹਾਂ ਦਾ ਇਹ ਸੁਭਾਗ ਸੀ, ਕਿ ਉਸ ਵੇਲੇ ਤੱਕ ਸਾਰੇ ਗੁਰੂ ਸਾਹਿਬਾਨ ਦੇ ਦਰਸ਼ਨ ਕਰ ਚੁੱਕੇ ਸਨ, ਰੂਹਾਨੀਅਤ ਦੇ ਮੁਜੱਸਮੇ ਅਤੇ ਸਿੱਖੀ ਜੀਵਨ ਦੀ ਸਾਕਾਰ ਮੂਰਤ ਜਾਨ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਨਿਯੁਕਤ ਹੋਏ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਦੇ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਨ ਰਚਨਾ ‘ਜਪੁ ਜੀ ਸਾਹਿਬ’ ਨੂੰ ਸਥਾਨ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੁੱਚੀ ਬਾਣੀ ਨੂੰ ਸ਼ੁੱਧ ਰੂਪ ‘ਚ ਰੱਖਣ ਲਈ ਅਤੇ ਜਨਤਾ ਦੇ ਪਰਉਪਕਾਰ ਲਈ ਇਕ ਬਹੁਤ ਵੱਡਾ ਫ਼ੈਸਲਾ ਲਿਆ। ਉਹ ਫ਼ੈਸਲਾ ਸੀ ਸਮੁੱਚੀ ਬਾਣੀ ਨੂੰ ਇਕ ਗ੍ਰੰਥ ਸਾਹਿਬ ਜੀ ‘ਚ ਇਕੱਤਰ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਸ ਵੇਲੇ ਪੋਥੀ ਸਾਹਿਬ ਕਿਹਾ ਜਾਂਦਾ ਸੀ। ਇਹ ਮਹਾਨ ਕਾਰਜ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਗਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਮਸਰ ਦੇ ਕਿਨਾਰੇ ਪੋਥੀ ਸਾਹਿਬ ਲਿਖਣ ਦਾ ਕਾਰਜ ਆਰੰਭਿਆ। ਸ੍ਰੀ ਗੁਰੂ ਅਰਜਨ ਦੇਵ ਜੀ ਅੱਗੇ ਇਹ ਇਕ ਬਹੁਤ ਵੱਡਾ ਕਾਰਜ ਸੀ, ਜਿਸ ‘ਚ ਸਾਰੀ ਬਾਣੀ ਦਾ ਨਿਖੇੜਾ ਕਰਕੇ ਸ਼ੁੱਧ ਬਾਣੀ ਦੀ ਚੋਣ ਕਰਨਾ ਅਤੇ ਸੰਤਾਂ ਮਹਾਪੁਰਸ਼ਾਂ ਦੀ ਬਾਣੀ ਸ਼ੁੱਧ ਰੂਪ ‘ਚ ਸੰਗ੍ਰਹਿ ਕਰਨਾ ਸੀ। ਅਖੀਰ ਕਈ ਮਹੀਨਿਆਂ ਦੀ ਮਿਹਨਤ ਸਦਕਾ 1604 ਈਂ ‘ਚ ਪੋਥੀ ਸਾਹਿਬ ਦਾ ਸੰਪਾਦਨ ਮੁਕੰਮਲ ਹੋ ਗਿਆ।

ਆਦਿ ਗ੍ਰੰਥ ਸਾਹਿਬ ‘ਚ ਬਾਣੀ ਦਰਜ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ (974 ਸ਼ਬਦ ਤੇ ਸਲੋਕ), ਸ੍ਰੀ ਗੁਰੂ ਅੰਗਦ ਦੇਵ ਜੀ (62 ਸਲੋਕ), ਸ੍ਰੀ ਗੁਰੂ ਅਮਰਦਾਸ ਜੀ (907 ਪਦ ਤੇ ਸਲੋਕ), ਸ੍ਰੀ ਗੁਰੂ ਰਾਮ ਦਾਸ ਜੀ (679 ਪਦ ਤੇ ਸਲੋਕ), ਸ੍ਰੀ ਗੁਰੂ ਅਰਜਨ ਦੇਵ ਜੀ (2218 ਪਦ ਤੇ ਸਲੋਕ), ਸ੍ਰੀ ਗੁਰੂ ਤੇਗ ਬਹਾਦਰ ਜੀ (115 ਪਦ ਤੇ ਸਲੋਕ) ਦੀ ਬਾਣੀ ਸ਼ਾਮਲ ਹੈ। ਇਸ ਤੋਂ ਇਲਾਵਾ ਭਗਤ ਜੈਦੇਵ (2 ਸ਼ਬਦ), ਸ਼ੇਖ ਫਰੀਦ (112 ਸਲੋਕ, 4 ਸ਼ਬਦ), ਭਗਤ ਤਿਰਲੋਚਨ ਜੀ (4 ਸ਼ਬਦ), ਭਗਤ ਨਾਮਦੇਵ ਜੀ (60 ਸ਼ਬਦ), ਭਗਤ ਰਾਮਾਨੰਦ ਜੀ (1 ਸ਼ਬਦ), ਭਗਤ ਸਧਨਾ ਜੀ (1 ਸ਼ਬਦ), ਭਗਤ ਬੇਣੀ ਜੀ (1 ਸ਼ਬਦ), ਭਗਤ ਰਵਿਦਾਸ ਜੀ (41 ਸ਼ਬਦ), ਭਗਤ ਕਬੀਰ ਜੀ (292 ਸ਼ਬਦ, 249 ਸਲੋਕ), ਭਗਤ ਧੰਨਾ ਜੀ (4 ਸ਼ਬਦ), ਭਗਤ ਪੀਪਾ ਜੀ (1 ਸ਼ਬਦ), ਭਗਤ ਸੇਨ ਜੀ (1 ਸ਼ਬਦ), ਭਗਤ ਪਰਮਾਨੰਦ (1 ਸ਼ਬਦ), ਭਗਤ ਸੂਰਦਾਸ (1 ਸ਼ਬਦ), ਭਗਤ ਭੀਖਨ ਜੀ (2 ਸ਼ਬਦ), ਭਾਈ ਮਰਦਾਨਾ ਜੀ (3 ਸਲੋਕ), ਬਾਬਾ ਸੁੰਦਰ ਜੀ (6 ਪਉੜੀਆਂ), ਡੂਮ ਸੱਤਾ ਤੇ ਰਾਏ ਬਲਵੰਡ (8 ਪਦੇ, ਭਾਵ ਇਕ ਵਾਰ) ਦੀ ਬਾਣੀ ਨੂੰ ਵੀ ਗੁਰੂ ਸਾਹਿਬਾਨ ਦੀ ਬਾਣੀ ਦੇ ਬਰਾਬਰ ਸਨਮਾਨ ਤੇ ਸਤਿਕਾਰ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ 11 ਭੱਟਾਂ ਕਲਸਹਾਰ, ਜਾਲਪ, ਕੀਰਤ, ਸੱਲ, ਭੱਲ, ਨੱਲ, ਮਥੁਰਾ, ਗਯੰਦ, ਭੀਖਾ, ਬੱਲ ਅਤੇ ਹਰਬੰਸ ਜੀ ਦੇ 123 ਸਵੱਈਏ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕੀਤੇ ਗਏ ਹਨ। ਭਾਦਰੋਂ ਸੁਦੀ 1 ਸੰਮਤ 1661 ਮੁਤਾਬਕ ਸਤੰਬਰ 1604 ਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਸੀ।

Exit mobile version