The Khalas Tv Blog India ਚੰਡੀਗੜ੍ਹ ਵਿੱਚ ਕੋਠੀ ’ਤੇ ਤਾਬੜਤੋੜ ਫਾਇਰਿੰਗ, ਪੰਜਾਬ ਦੇ ਨੰਬਰ ਵਾਲੇ ਮੋਟਰਸਾਈਕਲ ’ਤੇ ਆਏ ਹਮਲਾਵਰ
India Punjab

ਚੰਡੀਗੜ੍ਹ ਵਿੱਚ ਕੋਠੀ ’ਤੇ ਤਾਬੜਤੋੜ ਫਾਇਰਿੰਗ, ਪੰਜਾਬ ਦੇ ਨੰਬਰ ਵਾਲੇ ਮੋਟਰਸਾਈਕਲ ’ਤੇ ਆਏ ਹਮਲਾਵਰ

ਬਿਊਰੋ ਰਿਪੋਰਟ (ਚੰਡੀਗੜ੍ਹ, 5 ਨਵੰਬਰ 2025): ਚੰਡੀਗੜ੍ਹ ਵਿੱਚ ਬੁੱਧਵਾਰ ਸਵੇਰੇ ਹੋਟਲ ਮਾਲਕ ਅਤੇ ਕੌਂਸਲਰ ਦੇ ਰਿਸ਼ਤੇਦਾਰ ਦੇ ਘਰ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ 2 ਬਦਮਾਸ਼ਾਂ ਨੇ ਘਰ ਵੱਲ 4 ਗੋਲੀਆਂ ਚਲਾਈਆਂ। ਇਸ ਦੌਰਾਨ ਘਰ ਵਿੱਚ ਖੜ੍ਹੀ ਥਾਰ (Thar) ਗੱਡੀ ਦਾ ਸ਼ੀਸ਼ਾ ਵੀ ਟੁੱਟ ਗਿਆ। ਵਾਰਦਾਤ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਜਦੋਂ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਉੱਥੋਂ ਕਈ ਗੋਲੀਆਂ ਦੇ ਖੋਲ ਬਰਾਮਦ ਹੋਏ। 

ਪੁਲਿਸ ਨੇ ਸ਼ਹਿਰ ਵਿੱਚ ਨਾਕੇਬੰਦੀ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ, ਜਿਸ ਨਾਲ ਰੰਜਿਸ਼ ਦੇ ਕਾਰਨਾਂ ਦਾ ਪਤਾ ਲੱਗ ਸਕੇ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਚੰਡੀਗੜ੍ਹ ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਹਰਦੀਪ ਸਿੰਘ ਦੇ ਤਾਏ ਦੇ ਪੁੱਤਰ ਮਨਜੀਤ ’ਤੇ ਫਾਇਰਿੰਗ ਕੀਤੀ ਗਈ ਹੈ।

ਚੰਡੀਗੜ੍ਹ ਪੁਲਿਸ ਮੁਤਾਬਕ ਇਹ ਫਾਇਰਿੰਗ ਸਵੇਰੇ ਸੈਕਟਰ 38C ਸਥਿਤ ਕੋਠੀ ਨੰਬਰ 2176 ’ਤੇ ਹੋਈ। 2 ਬਦਮਾਸ਼ ਮੋਟਰਸਾਈਕਲ ’ਤੇ ਇੱਥੇ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਫਿਰ ਭੱਜ ਨਿਕਲੇ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ 4 ਰਾਊਂਡ ਫਾਇਰਿੰਗ ਹੋਈ ਹੈ। ਹਾਲਾਂਕਿ, ਪੁਲਿਸ ਮੌਕੇ ਤੋਂ ਖੋਲ ਇਕੱਠੇ ਕਰ ਰਹੀ ਹੈ।

ਕੋਠੀ ਮਾਲਕ ਦਾ ਮੋਹਾਲੀ ਵਿੱਚ ਹੋਟਲ, ਪੰਜਾਬ ਵਿੱਚ ਠੇਕੇਦਾਰ

ਪੁਲਿਸ ਮੁਤਾਬਕ ਜਿਸ ਕੋਠੀ ’ਤੇ ਫਾਇਰਿੰਗ ਹੋਈ, ਉਹ ਕੌਂਸਲਰ ਹਰਦੀਪ ਸਿੰਘ ਦੇ ਰਿਸ਼ਤੇਦਾਰ ਦੀ ਹੈ। ਕੌਂਸਲਰ ਵੀ ਕੋਠੀ ਦੇ ਅੰਦਰ ਪਹੁੰਚ ਚੁੱਕੇ ਹਨ। ਕੋਠੀ ਮਨਜੀਤ ਸਿੰਘ ਨਾਮ ਦੇ ਵਿਅਕਤੀ ਦੀ ਹੈ। ਉਨ੍ਹਾਂ ਦਾ ਮੋਹਾਲੀ ਵਿੱਚ ਰੀਜੇਂਟਾ (Regenta) ਹੋਟਲ ਹੈ। ਇਸ ਕਾਰਨ ਪੁਲਿਸ ਇਸ ਨੂੰ ਰੰਗਦਾਰੀ ਦੇ ਐਂਗਲ ਤੋਂ ਵੀ ਜੋੜ ਕੇ ਦੇਖ ਰਹੀ ਹੈ।

 

Exit mobile version