ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਪਿੰਡ ਨਾਗਕਲਾਂ ‘ਚ ਦਵਾਈ ਬਣਾਉਣ ਵਾਲੀ ਫ਼ੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਫ਼ੈਕਟਰੀ ‘ਚ ਅੱਗ ਲੱਗਣ ਕਾਰਨ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਦੇ ਸ਼ਾਮ ਨੂੰ ਫ਼ੈਕਟਰੀ ‘ਚ ਅੱਗ ਲੱਗ ਗਈ ਸੀ। ਇਸ ਕੁਆਲਿਟੀ ਫਾਰਮਾਸਿਊਟੀਕਲ ਵਾਲੀ ਫ਼ੈਕਟਰੀ ਵਿੱਚ ਲਗਭਗ 1600 ਕਰਮਚਾਰੀ ਕੰਮ ਕਰਦੇ ਹਨ। ਫ਼ੈਕਟਰੀ ਵਿੱਚ ਕੈਮੀਕਲ ਦੇ ਡਰੰਮ ਮੌਜੂਦ ਹੋਣ ਕਾਰਨ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਅੱਗ ਬੁਝਾਉਣ ਵਿੱਚ 8 ਘੰਟੇ ਤੋਂ ਵੱਧ ਦਾ ਸਮਾਂ ਲੱਗ ਗਿਆ।
ਅੱਗ ਇੰਨੀ ਜ਼ਬਰਦਸਤ ਸੀ ਕਿ ਇਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 35 ਗੱਡੀਆਂ ਲੱਗੀਆਂ। ਤੇ 7 ਘੰਟੇ ਦੀ ਮੁਸ਼ੱਕਤ ਦੇ ਬਾਅਦ ਅੱਗ ‘ਥੇ ਕਾਬੂ ਪਾਇਆ ਗਿਆ। ਚਾਰ ਕਰਮਚਾਰੀ ਸੁਖਜੀਤ ਵਾਸੀ ਪਾਰਥਵਾਲ, ਗੁਰਭੇਜ ਵਾਸੀ ਵੇਰਕਾ, ਕੁਲਵਿੰਦਰ ਸਿੰਘ ਅਤੇ ਰਾਣੀ ਅਜੇ ਤੱਕ ਲਾਪਤਾ ਹਨ। ਹੁਣ ਤੱਕ ਚਾਰ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਹਨ।
ਮਿਲੀ ਜਾਣਕਾਰੀ ਮੁਤਾਬਕ ਫ਼ੈਕਟਰੀ ਅੰਦਰ 500 ਦੇ ਲਗਭਗ ਕੈਮੀਕਲ ਦੇ ਡਰੰਮ ਪਏ ਸਨ ਜਿਸ ਵਿਚੋਂ ਜ਼ਿਆਦਾਤਰ ਤਬਾਹ ਹੋ ਗਏ। ਅੱਗ ਨਾਲ ਲੱਖਾਂ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।