‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਹਰਿਆਣਾ ਦੇ ਕੁੰਡਲੀ ਬਾਰਡਰ ਉੱਤੇ ਲੱਗੇ ਅੱਗ ਪਿੱਛੇ ਕਿਸਾਨਾਂ ਨੇ ਕਿਸੇ ਵੱਡੀ ਸਾਜਿਸ਼ ਦਾ ਖਦਸ਼ਾ ਜਾਹਿਰ ਕੀਤਾ ਹੈ। ਅੱਗ ਲੱਗਣ ਤੋਂ ਬਾਅਦ ਪਹੁੰਚੇ ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਹੈ ਕਿ ਇੱਥੇ ਕੁੱਝ ਬੰਦੇ ਅੱਗ ਲਾ ਕੇ ਨੇੜੇ ਹੀ ਸਥਿਤ ਇੱਕ ਮੰਦਰ ਵੱਲ ਭੱਜੇ ਹਨ। ਉੱਥੋਂ ਦੇ ਪੁਜਾਰੀ ਅਨੁਸਾਰ ਇਹ ਲੋਕ ਮੰਦਰ ਵਿੱਚ ਵੀ ਅੱਗ ਲਗਾਉਣ ਲੱਗੇ ਸਨ। ਉਨ੍ਹਾਂ ਖਦਸ਼ਾ ਜਾਹਿਰ ਕੀਤਾ ਹੈ ਕਿ ਇਹ ਹੋ ਸਕਦਾ ਹੈ ਕਿ ਹਿੰਦੂ ਸਿੱਖ ਭਾਈਚਾਰੇ ਨੂੰ ਲੜਾਉਣ ਦੀ ਕੋਈ ਸਾਜਿਸ਼ ਹੋਵੇ। ਸਿਰਸਾ ਨੇ ਕਿਹਾ ਹੈ ਕਿ ਉਨ੍ਹਾਂ ਪੁਲਿਸ ਨੂੰ ਵੀ ਇੱਥੇ ਅੱਗ ਬੁਝਾਊ ਯੰਤਰ ਲਗਾਉਣ ਦੀ ਕਈ ਵਾਰ ਬੇਨਤੀ ਕੀਤੀ ਹੈ ਪਰ ਇਸ ਅੱਗ ਨੂੰ ਕਿਸਾਨਾਂ ਨੇ ਹੀ ਬੁਝਾਇਆ ਹੈ, ਫਾਇਰ ਬ੍ਰਿਗੇਡ ਲੇਟ ਪਹੁੰਚੀ ਹੈ।
ਇਸ ਮੌਕੇ ਮੌਜੂਦ ਹੋਰ ਕਿਸਾਨਾਂ ਨੇ ਕਿਹਾ ਕਿ ਕਿਸੇ ਵੱਲੋਂ ਕੋਈ ਸ਼ਰਾਰਤਬਾਜੀ ਕੀਤੀ ਗਈ ਹੈ। ਫਾਇਰ ਬ੍ਰਿਗੇਡ ਲੇਟ ਪਹੁੰਚੀ ਹੈ, ਕਿਸਾਨਾਂ ਨੇ ਆਪਣੇ ਪ੍ਰਬੰਧਾਂ ਨਾਲ ਅੱਗ ਬੁਝਾਈ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਹੋਈਆਂ ਹਨ। ਇਹ ਅੱਗ ਸ਼ਰਾਰਤ ਨਾਲ ਲਗਾਈ ਗਈ ਹੈ। ਪਹਿਲਾਂ ਵੀ ਅੰਦੋਲਨ ਖਰਾਬ ਕਰਨ ਲਈ ਇਹੋ ਜਿਹਾ ਕੁੱਝ ਨਾ ਕੁੱਝ ਕੀਤਾ ਜਾਂਦਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਅੱਗੇ ਸਚੇਤ ਹੋ ਕੇ ਪਹਿਰੇ ਲਗਾਏ ਜਾਣਗੇ।
ਇੱਥੇ ਦੱਸ ਦਈਏ ਕਿ ਹਰਿਆਣਾ ਦੇ ਜ਼ਿਲ੍ਹੇ ਦੇ ਸੋਨੀਪਤ ਦੇ ਕੁੰਡਲੀ ਬਾਰਡਰ ‘ਤੇ ਕੱਲ੍ਹ ਸੋਨੀਪਤ ਜੀਟੀ ਰੋਡ ‘ਤੇ ਰਸੋਈ ਢਾਬੇ ਦੇ ਸਾਹਮਣੇ ਬਣੀਆਂ ਕਈ ਝੌਂਪੜੀਆਂ ‘ਚ ਅੱਗ ਲੱਗ ਗਈ ਸੀ । ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਈ ਹੈ। ਕਾਫੀ ਦੇਰ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਇੰਨੀ ਭਿਆਨਕ ਸੀ ਕਿ ਝੁੱਗੀਆਂ ਵਿੱਚ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ। ਖੁਸ਼ਕਿਸਮਤੀ ਨਾਲ ਕੋਈ ਵੀ ਕਿਸਾਨ ਇਸ ਅੱਗ ਦੀ ਲਪੇਟ ਵਿੱਚ ਨਹੀਂ ਆਇਆ। ਅਜੇ ਤੱਕ ਅੱਗ ਲੱਗਣ ਦੇ ਬਾਰੇ ਨਹੀਂ ਪਤਾ ਲੱਗ ਸਕਿਆ ਹੈ।