ਜਲੰਧਰ ਦੇ ਮਸ਼ਹੂਰ ਕਾਰੋਬਾਰੀ ਕੁੰਦਨ ਸਾਈਕਲਜ਼ ਦੇ ਗੋਦਾਮ ਵਿੱਚ ਅੱਜ ਸਵੇਰੇ 6 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿੱਚ ਕੁੰਦਨ ਸਾਈਕਲ ਦੇ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਘਟਨਾ ਜਲੰਧਰ ਦੇ ਸਭ ਤੋਂ ਵਿਅਸਤ ਬਾਜ਼ਾਰ ਰੇਲਵੇ ਰੋਡ ‘ਤੇ ਵਾਪਰੀ। ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ‘ਤੇ ਕਾਬੂ ਪਾਇਆ।
ਗੋਦਾਮ ‘ਚ ਅੱਗ ਕਿਵੇਂ ਲੱਗੀ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਫਾਇਰ ਬ੍ਰਿਗੇਡ ਅਧਿਕਾਰੀ ਮਾਮਲੇ ਦੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜ ਦੇਣਗੇ। ਫਾਇਰ ਬ੍ਰਿਗੇਡ ਅਧਿਕਾਰੀ ਰਜਿੰਦਰ ਸਹੋਤਾ ਨੇ ਦੱਸਿਆ ਕਿ ਘਟਨਾ ਸਥਾਨ ‘ਤੇ ਫਾਇਰ ਬ੍ਰਿਗੇਡ ਦੀਆਂ 20 ਦੇ ਕਰੀਬ ਗੱਡੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਪਾਣੀ ਦੇ ਨਾਲ ਫੋਮ ਦੀ ਵੀ ਵਰਤੋਂ ਕੀਤੀ ਗਈ।
ਜਾਣਕਾਰੀ ਮੁਤਾਬਕ ਇਕ ਸਫਾਈ ਕਰਮਚਾਰੀ ਨੂੰ ਸਵੇਰੇ ਸਭ ਤੋਂ ਪਹਿਲਾਂ ਅੱਗ ਲੱਗਣ ਦਾ ਪਤਾ ਲੱਗਾ। ਜਿਸ ਤੋਂ ਬਾਅਦ ਤੁਰੰਤ ਮਾਲਕਾਂ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ। ਜਦੋਂ ਮਾਲਕ ਆਪਣੇ ਗੋਦਾਮ ਵਿੱਚ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਗੋਦਾਮ ਦੇ ਅੰਦਰੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ।
ਕੁੰਦਨ ਸਾਈਕਲਜ਼ ਦੇ ਮਾਲਕ ਕੁੰਦਨ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 6.30 ਵਜੇ ਸੂਚਨਾ ਮਿਲੀ ਕਿ ਉਨ੍ਹਾਂ ਦੇ ਗੋਦਾਮ ਨੂੰ ਅੱਗ ਲੱਗ ਗਈ ਹੈ। ਉਸ ਦਾ ਗੋਦਾਮ ਕਰੀਬ 5 ਮਰਲੇ ਦਾ ਹੈ, ਜਿਸ ਵਿਚ ਉਸ ਨੇ ਮਹਿੰਗੇ ਖੇਡ ਸਾਈਕਲ ਰੱਖੇ ਸਨ। ਹਾਲਾਂਕਿ ਸਵੇਰੇ 8.15 ਵਜੇ ਦੇ ਕਰੀਬ ਅੱਗ ‘ਤੇ ਕਾਬੂ ਪਾ ਲਿਆ ਗਿਆ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 20 ਗੱਡੀਆਂ ਦੀ ਵਰਤੋਂ ਕੀਤੀ ਗਈ।