ਅੰਮ੍ਰਿਤਸਰ ਦੇ ਭੀੜ-ਭਾੜ ਵਾਲੇ ਕਟਰਾ ਜੈਮਲ ਸਿੰਘ ਮਾਰਕੀਟ ‘ਚ ਅੱਜ ਸਵੇਰੇ ਸਟੇਟ ਬੈਂਕ ਆਫ਼ ਇੰਡੀਆ (SBI) ਦੀ ਸ਼ਾਖਾ ‘ਚ ਅਚਾਨਕ ਅੱਗ ਲੱਗਣ ਨਾਲ ਦਹਿਸ਼ਤ ਫੈਲ ਗਈ।ਅੱਗ ਲੱਗਣ ਦਾ ਕਾਰਨ ਬਿਜਲੀ ਦੇ ਪੈਨਲ ਵਿੱਚ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਅੱਗ ਇੰਨੀ ਭਿਆਨਕ ਸੀ ਕਿ ਬੈਂਕ ਦੇ ਅੰਦਰ ਫਰਨੀਚਰ, ਦਸਤਾਵੇਜ਼ ਤੇ ਹੋਰ ਸਮਾਨ ਮਿੰਟਾਂ ‘ਚ ਹੀ ਸੜ ਕੇ ਸੁਆਹ ਹੋ ਗਿਆ।
ਘਟਨਾ ਸਮੇਂ ਸ਼ਾਖਾ ਬੰਦ ਸੀ, ਪਰ ਏਟੀਐਮ ਦੀ ਸੁਰੱਖਿਆ ਕਰ ਰਹੇ ਇੱਕ ਗਾਰਡ ਨੇ ਪੈਨਲ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਅਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ, ਅੱਗ ‘ਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋਈ ਤੇ ਹੌਲੀ-ਹੌਲੀ ਫੈਲ ਗਈ। ਅੱਗ ‘ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ, ਜਿਸ ਨਾਲ ਵੱਡਾ ਹਾਦਸਾ ਟਲ ਗਿਆ।
ਖੁਸ਼ਕਿਸਮਤੀ ਨਾਲ, ਅੱਗ ਬੈਂਕ ਦੇ ਅੰਦਰ ਜ਼ਿਆਦਾ ਨਹੀਂ ਫੈਲੀ, ਜਿਸ ਕਾਰਨ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਹਾਲਾਂਕਿ, ਬੈਂਕ ਵਿੱਚ ਕੁਝ ਇਲੈਕਟ੍ਰਾਨਿਕ ਉਪਕਰਣਾਂ ਨੂੰ ਅੰਸ਼ਕ ਤੌਰ ‘ਤੇ ਨੁਕਸਾਨ ਪਹੁੰਚਿਆ।