‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਹਾਰਾਸ਼ਟਰ ਖਾਰ ਪੁਲਿਸ ਸਟੇਸ਼ਨ ਵਿੱਚ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦੇ ਖਿਲਾਫ਼ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਕਦਮਾ ਦਰਜ ਕੀਤਾ ਗਿਆ ਹੈ। ਕੰਗਣਾ ਦੇ ਖਿਲਾਫ਼ 295ਏ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਕੰਗਣਾ ਖਿਲਾਫ਼ ਦਿੱਲੀ ਸਮੇਤ ਮਹਾਰਾਸ਼ਟਰ ਅਤੇ ਹੋਰ ਕਈ ਸ਼ਹਿਰਾਂ ਵਿੱਚ ਐੱਫਆਈਆਰ ਦਰਜ ਕਰਵਾਈ ਗਈ ਹੈ।
ਇਸ ਤੋਂ ਪਹਿਲਾਂ ਸਿੱਖ ਭਾਈਚਾਰੇ ਦੇ ਲੋਕਾਂ ਨੇ ਕੰਗਣਾ ਦੀ ਰਿਹਾਇਸ਼ ’ਤੇ ਰੋਸ ਵਿਖਾਵਾ ਵੀ ਕੀਤਾ। ਅਮਨ ਕਾਨੂੰਨ ਦੀ ਸਥਿਤੀ ਅਤੇ ਸ਼ਾਂਤੀ ਬਣਾਈ ਰੱਖਣ ਲਈ ਪੁਲੀਸ ਨੇ ਕੰਗਣਾ ਵਿਰੁੱਧ ਇਹ ਕੇਸ ਦਰਜ ਕਰਦਿਆਂ ਐਫ ਆਈ ਆਰ ਦੀ ਕਾਪੀ ਸੁਪਰੀਮ ਕੌਂਸਲ ਨਵੀਂ ਮੁੰਬਈ ਦੇ ਆਗੂ ਜਸਪਾਲ ਪਾਸ ਸਿੰਘ ਸਿੱਧੂ, ਸ਼ਿਕਾਇਤ ਕਰਤਾ ਅਮਰਜੀਤ ਸਿੰਘ ਸੰਧੂ, ਜਸਬੀਰ ਸਿੰਘ ਧਾਮ, ਗੁਰਜੋਤ ਸਿੰਘ ਕੀਰ ਤੇ ਅਮਰਜੀਤ ਸਿੰਘ ਰੰਧਾਵਾ ਦੇ ਹਵਾਲੇ ਕੀਤਾ। ਖ਼ਾਰ ਪੁਲਿਸ ਸਟੇਸ਼ਨ ਦੇ ਅਧਿਕਾਰੀ ਨੇ ਮਿਲੀ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ ਕੰਗਣਾ ਵਿਰੁੱਧ ਕੇਸ ਦਰਜ ਕੀਤਾ ਹੈ।
ਦਰਅਸਲ, ਕੰਗਣਾ ਰਣੌਤ ਨੇ ਦੇਸ਼ ਦੀ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਵੱਲੋਂ ਸਿੱਖਾਂ ਨੂੰ ਮੱਛਰ ਦੀ ਤਰ੍ਹਾਂ ਕੁਚਲ ਦੇਣ ਦੀ ਬੇਤੁਕੀ ਗੱਲ ਕਹੀ ਸੀ। ਕੰਗਣਾ ਨੇ ਆਪਣੇ ਟਵੀਟ ਵਿੱਚ ਪ੍ਰਧਾਨ ਮੰਤਰੀ ਵੱਲੋਂ ਕਾਨੂੰਨ ਵਾਪਸ ਲਏ ਜਾਣ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਗਲੀਆਂ ਵਿੱਚ ਬੈਠੇ ਲੋਕ ਸਰਕਾਰ ਚਲਾ ਰਹੇ ਹਨ। ਉਸਨੇ ਇਹ ਵੀ ਕਿਹਾ ਸੀ ਕਿ ਇਹ ਵਰਤਾਰਾ ਸ਼ਰਮਨਾਕ ਹੈ। ਕੰਗਣਾ ਦੇ ਇਸ ਬਿਆਨ ਤੋਂ ਬਾਅਦ ਕਿਸਾਨਾਂ ਵੱਲੋਂ ਕੰਗਣਾ ਰਣੌਤ ਦੇ ਮੁੰਬਈ ਸਥਿਤ ਘਰ ਦਾ ਘਿਰਾਉ ਕੀਤਾ ਗਿਆ। ਪ੍ਰਦਰਸ਼ਨਕਾਰੀ ਕਿਸਾਨ ਕੰਗਣਾ ਰਣੌਤ ਤੋਂ ਸਿੱਖਾਂ ਪ੍ਰਤੀ ਬੋਲੀ ਮਾੜੀ ਭਾਸ਼ਾ ਵਾਪਸ ਲੈਣ ਦੀ ਮੰਗ ਕਰ ਰਹੇ ਸਨ।
ਆਪਣੇ ਸੋਸ਼ਲ ਮੀਡੀਆ ਉੱਤੇ ਬੇਤੁਕੇ ਬਿਆਨਾਂ ਲਈ ਮਸ਼ਹੂਰ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾਂ ਕੰਗਨਾ ਰਨੌਤ ਨੇ ਇੱਕ ਵਾਰ ਫਿਰ ਆਪਣੇ ਬਿਆਨ ਨਾਲ ਪੰਜਾਬੀਆਂ ਦੇ ਹਿਰਦੇ ਛਿੱਲਣ ਦੀ ਕੋਝੀ ਹਰਕਤ ਕੀਤੀ। ਖੇਤੀ ਕਾਨੂੰਨਾਂ ਦੇ ਰੱਦ ਹੋਣ ਦੇ ਐਲਾਨ ਤੋਂ ਬਾਅਦ ਲਗਾਤਾਰ ਕੰਗਨਾ ਤਕਲੀਫ ਵਿੱਚ ਹੈ ਤੇ ਸਰਕਾਰ ਦੇ ਇਸ ਫੈਸਲੇ ਤੋਂ ਖਫਾ ਹੋਈ ਇਹ ਅਭਿਨੇਤਰੀ ਕਹਿੰਦੀ ਹੈ ਕਿ ਇਹ ਬਹੁਤ ਹੀ ਸ਼ਰਮਨਾਕ ਤੇ ਦੁਖਦ ਹੈ। ਮੋਦੀ ਸਰਕਾਰ ਨੂੰ ਇਹ ਐਲਾਨ ਕਰਨਾ ਨਹੀਂ ਚਾਹੀਦਾ ਸੀ।
ਕੰਗਨਾ ਨੇ ਬਹੁਤ ਹੀ ਸ਼ਰਮਸ਼ਾਰ ਕਰਨ ਵਾਲੀ ਭਾਸ਼ਾ ਤੇ ਚੁੰਭਵੇਂ ਬਿਆਨ ਨਾਲ ਪੰਜਾਬ ਨੂੰ ਵੰਗਾਰਿਆ ਹੈ। ਉਸਦੀ ਇੰਸਟਾਗ੍ਰਾਮ ਸਟੋਰੀ ਦੇਖੀ ਜਾਵੇ ਤਾਂ ਇੰਦਰਾ ਗਾਂਧੀ ਦੇ ਕਸੀਦੇ ਪੜ੍ਹ ਰਹੀ ਹੈ। ਇਸਨੇ ਸੋਸ਼ਲ ਮੀਡੀਆ ’ਤੇ ਇੰਦਰਾ ਗਾਂਧੀ ਦੀ ਤਸਵੀਰ ਸਾਂਝੀ ਕਰਦਿਆਂ ਹੇਠਾਂ ਲਿਖਿਆ ਹੈ….‘ਖਾਲਿਸਤਾਨੀ ਅਤਿਵਾਦੀ ਅੱਜ ਭਾਵੇਂ ਸਰਕਾਰ ਦੀ ਬਾਂਹ ਮਰੋੜ ਰਹੇ ਹੋਣ ਪਰ ਉਸ ਔਰਤ ਨੂੰ ਨਾ ਭੁੱਲਣਾ। ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਨੇ ਇਨ੍ਹਾਂ ਨੂੰ ਆਪਣੀ ਜੁੱਤੀ ਹੇਠਾਂ ਕੁਚਲ ਦਿੱਤਾ ਸੀ। ਉਸ ਨੇ ਇਸ ਦੇਸ਼ ਨੂੰ ਕਿੰਨੀ ਵੀ ਤਕਲੀਫ ਦਿੱਤੀ ਹੋਵੇ। ਉਸ ਨੇ ਆਪਣੀ ਜਾਨ ਦੀ ਕੀਮਤ ’ਤੇ ਇਨ੍ਹਾਂ ਨੂੰ ਮੱਛਰਾਂ ਦੀ ਤਰ੍ਹਾਂ ਮਸਲ ਦਿੱਤਾ ਪਰ ਦੇਸ਼ ਦੇ ਟੁੱਕੜੇ ਨਹੀਂ ਹੋਣ ਦਿੱਤੇ। ਉਨ੍ਹਾਂ ਦੀ ਮੌਤ ਤੋਂ ਦਹਾਕੇ ਬਾਅਦ ਇਹ ਅੱਜ ਵੀ ਉਸ ਨਾਂ ਨਾਲ ਕੰਬਦੇ ਹਨ । ਇਨ੍ਹਾਂ ਨੂੰ ਉਹੋ ਜਿਹਾ ਹੀ ਗੁਰੂ ਚਾਹੀਦਾ ਹੈ। ਖਾਲਿਸਤਾਨੀ ਅੰਦੋਲਨ ਦੇ ਉਭਾਰ ਨਾਲ ਉਨ੍ਹਾਂ ਦੀ ਕਹਾਣੀ ਪਹਿਲਾਂ ਤੋਂ ਵੱਧ ਪ੍ਰਸੰਗਿਕ ਹੈ। ਬਹੁਤ ਜਲਦੀ ਤੁਹਾਡੇ ਲਈ ਲੈ ਕੇ ਆ ਰਹੇ ਹਨ#ਐਮਰਜੈਂਸੀ।’
ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਖੇਤੀ ਕਾਨੂੰਨਾਂ ਦੀ ਵਾਪਸੀ ਬਾਰੇ ਲਿਖਿਆ, ‘ਜੇਕਰ ਧਰਮ ਬੁਰਾਈ ’ਤੇ ਜਿੱਤ ਹਾਸਲ ਕਰਦਾ ਹੈ ਤਾਂ ਉਹ ਉਸ ਨੂੰ ਬੇਅਸਰ ਕਰ ਦਿੰਦਾ ਹੈ ਪਰ ਜਦੋਂ ਬੁਰਾਈ ਧਰਮ ’ਤੇ ਜਿੱਤ ਹਾਸਲ ਕਰਦੀ ਹੈ ਤਾਂ ਉਹ ਵੀ ਬੁਰਾਈ ਬਣ ਜਾਂਦੀ ਹੈ। ਗਲਤ ਦਾ ਸਾਥ ਦੇਣਾ ਤੁਹਾਨੂੰ ਵੀ ਗਲਤ ਬਣਾ ਦਿੰਦਾ ਹੈ।’
ਕੰਗਨਾ ਦੇ ਦਿਮਾਗ ਦਾ ਇਲਾਜ ਕਰਾਵੇ ਇਸਦਾ ਪਰਿਵਾਰ
ਕੰਗਨਾ ਨੇ ਬਿਆਨ ਤਾਂ ਦੇ ਦਿੱਤਾ ਹੈ, ਪਰ ਇਹ ਹੁਣ ਕਿੰਨਾ ਭੁਗਤਣਾ ਪੈਣਾ ਹੈ, ਇਹ ਸ਼ਾਇਦ ਕੰਗਨਾ ਦੀ ਅਕਲ ਵਿੱਚ ਨਾ ਆਉਂਦਾ ਹੋਵੇ। ਸਿੰਘੂ ਬਾਰਡਰ ਪੂਰੇ ਇਕ ਸਾਲ ਤੋਂ ਕਿਸਾਨੀ ਮੋਰਚੇ ਵਿੱਚ ਡਟੇ ਸਰਪੰਚ ਮਲਕੀਤ ਸਿੰਘ ਨੇ ਕਿਹਾ ਹੈ ਕਿ ਅਸੀਂ ਕੰਗਨਾ ਨੂੰ ਤਾਂ ਹੁਣ ਕਹਿਣਾ ਕੀ ਹੈ, ਹਾਂ..ਇਸਦੇ ਪਰਿਵਾਰ ਨੂੰ ਜਰੂਰ ਸਲਾਹ ਦਿੰਦੇ ਹਾਂ ਕਿ ਇਸਦੇ ਦਿਮਾਗ ਦਾ ਬਿਨਾਂ ਦੇਰੀ ਇਲਾਜ ਕਰਵਾਉਣ। ਮੁਬੰਈ ਤੇ ਭਾਰਤ ਵਿੱਚ ਬੜੇ ਮਸ਼ਹੂਰ ਡਾਕਟਰ ਹਨ ਜੋ ਮਾਨਸਿਕ ਰੋਗੀਆਂ ਦਾ ਇਲਾਜ ਕਰਦੇ ਹਨ। ਉਨ੍ਹਾਂ ਇਹ ਹੋਰ ਆਫਰ ਦਿੱਤਾ ਹੈ ਕਿ ਜੇਕਰ ਪਰਿਵਾਰ ਕੋਲ ਇਸਦੇ ਇਲਾਜ ਲਈ ਪੈਸੇ ਨਹੀਂ ਹਨ, ਤਾਂ ਉਹ ਇਹ ਵਿੱਤੀ ਮਦਦ ਦੇਣ ਲਈ ਵੀ ਤਿਆਰ ਹਨ ਤਾਂ ਕਿ ਕੰਗਨਾ ਨੌ ਬਰ ਨੌ ਹੋ ਸਕੇ। ਮਲਕੀਤ ਸਿੰਘ ਨੇ ਕਿਹਾ ਹੈ ਕਿ ਕੰਗਨਾ ਮਾਨਸਿਕ ਪੀੜਾ ਝੱਲਦੀ ਇਹ ਬਿਆਨ ਦੇ ਕੇ ਦੇਸ਼ ਨੂੰ ਤੋੜਨ ਤੇ ਪਾੜੇ ਪਾਉਣ ਵਾਲੀਆਂ ਗੱਲ ਕਹਿ ਰਹੀ ਹੈ, ਉਸਦਾ ਜਿੰਨਾ ਇਲਾਜ ਜਰੂਰੀ ਹੈ, ਉਨਾਂ ਹੀ ਜਰੂਰੀ ਹੈ ਕਿ ਉਸਦਾ ਪੁਰਸਕਾਰ ਵੀ ਲੈ ਲਿਆ ਜਾਵੇ।