The Khalas Tv Blog India ਦਿੱਲੀ ‘ਚ ਪੰਜਾਬੀ ਗਾਇਕ ਜਸਬੀਰ ਜੱਸੀ ਵਿਰੁੱਧ FIR, ਜੱਸੀ ਦਾ ਜਵਾਬ ‘ ਪੁੰਜਾਬ ਦੀ ਹਿਮਾਇਤ ਕਰਨ ‘ਤੇ ਇੱਕ ਛੱਡੋ ਹਜ਼ਾਰ ਹੋ ਜਾਣ FIR’
India Manoranjan Punjab

ਦਿੱਲੀ ‘ਚ ਪੰਜਾਬੀ ਗਾਇਕ ਜਸਬੀਰ ਜੱਸੀ ਵਿਰੁੱਧ FIR, ਜੱਸੀ ਦਾ ਜਵਾਬ ‘ ਪੁੰਜਾਬ ਦੀ ਹਿਮਾਇਤ ਕਰਨ ‘ਤੇ ਇੱਕ ਛੱਡੋ ਹਜ਼ਾਰ ਹੋ ਜਾਣ FIR’

ਪੰਜਾਬੀ ਗਾਇਕ ਜਸਬੀਰ ਜੱਸੀ ਵਿਰੁੱਧ ਦਿੱਲੀ ਦੇ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਉਨ੍ਹਾਂ ਦੇ ਇੱਕ ਬਿਆਨ ਨੂੰ ਲੈ ਕੇ ਹੈ, ਜਿਸ ਵਿੱਚ ਉਨ੍ਹਾਂ ਨੇ ਦਿਲਜੀਤ ਦੋਸਾਂਝ ਅਤੇ ਉਨ੍ਹਾਂ ਦੀ ਫ਼ਿਲਮ ‘ਸਰਦਾਰ ਜੀ 3’ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੀ ਕਾਸਟਿੰਗ ਦਾ ਸਮਰਥਨ ਕੀਤਾ ਸੀ।

ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਅਜਿਹੇ ਸਮੇਂ ਜਦੋਂ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਵਿੱਚ ਭਾਰਤੀ ਸੈਨਿਕ ਸ਼ਹੀਦ ਹੋਏ ਹਨ, ਅਜਿਹੀ ਫ਼ਿਲਮ ਦਾ ਰਿਲੀਜ਼ ਹੋਣਾ “ਰਾਸ਼ਟਰੀ ਭਾਵਨਾਵਾਂ” ਦੇ ਵਿਰੁੱਧ ਹੈ। ਜੱਸੀ ਦਾ ਬਿਆਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਕਾਰਨ ਵਿਵਾਦ ਹੋਰ ਭਖ ਗਿਆ, ਜਿਸ ਨੂੰ ਸ਼ਹੀਦਾਂ ਦਾ ਅਪਮਾਨ ਮੰਨਿਆ ਜਾ ਰਿਹਾ ਹੈ।

ਜੱਸੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ “ਦਿਲਜੀਤ ਅਤੇ ਉਸਦੀ ਫ਼ਿਲਮ ਦਾ ਸੋਸ਼ਲ ਮੀਡੀਆ ‘ਤੇ ਵਿਰੋਧ ਹੋ ਰਿਹਾ ਹੈ ਕਿਉਂਕਿ ਇਸ ਵਿੱਚ ਪਾਕਿਸਤਾਨੀ ਕਲਾਕਾਰ ਹੈ। ਮੈਂ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਹਾਂ, ਪਰ ਇਹ ਦੋਹਰਾ ਮਾਪਦੰਡ ਕਿਉਂ? ਜੇ ਪਾਕਿਸਤਾਨੀ ਕਲਾਕਾਰਾਂ ‘ਤੇ ਪਾਬੰਦੀ ਲਗਾਉਣੀ ਹੈ, ਤਾਂ ਪੂਰੀ ਤਰ੍ਹਾਂ ਲਗਾਓ। ਸਾਡੀ ਇੰਡਸਟਰੀ ਦੇ 80% ਗੀਤ ਪਾਕਿਸਤਾਨ ਤੋਂ ਕਾਪੀ ਕੀਤੇ ਹਨ। ਜੇ ਵਿਰੋਧ ਕਰਨਾ ਹੈ, ਤਾਂ ਸਾਰੇ ਗੀਤ ਯੂਟਿਊਬ, ਸਪੋਟੀਫਾਈ ਵਰਗੇ ਪਲੇਟਫਾਰਮਾਂ ਤੋਂ ਹਟਾਓ। ਇੱਕ ਕਲਾਕਾਰ ਨੂੰ ਨਿਸ਼ਾਨਾ ਨਾ ਬਣਾਓ।” ਉਨ੍ਹਾਂ ਨੇ ਦੋਹਰੇ ਮਾਪਦੰਡਾਂ ‘ਤੇ ਸਵਾਲ ਉਠਾਇਆ ਅਤੇ ਪੂਰਨ ਪਾਬੰਦੀ ਦੀ ਮੰਗ ਕੀਤੀ।

ਸ਼ਿਕਾਇਤ ਵਿੱਚ ਜੱਸੀ ਦੇ ਬਿਆਨ ਨੂੰ ਦੇਸ਼ ਵਿਰੋਧੀ ਅਤੇ ਸ਼ਹੀਦਾਂ ਦਾ ਅਪਮਾਨ ਦੱਸਿਆ ਗਿਆ ਹੈ। ਜੇ ਇਸ ਸ਼ਿਕਾਇਤ ‘ਤੇ ਕਾਰਵਾਈ ਹੁੰਦੀ ਹੈ, ਤਾਂ ਜੱਸੀ ਨੂੰ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜੱਸੀ ਦਾ ਜਵਾਬ

ਜਵਾਬ ਵਿੱਚ, ਜੱਸੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਕਿਹਾ, “ਜੇ ਪੰਜਾਬ ਅਤੇ ਪੰਜਾਬੀਆਂ ਦੀ ਸੱਚੀ ਹਿਮਾਇਤ ਲਈ ਐਫਆਈਆਰ ਦਰਜ ਹੁੰਦੀ ਹੈ, ਤਾਂ ਇੱਕ ਨਹੀਂ, 1000 ਐਫਆਈਆਰ ਦਰਜ ਹੋਣ। ਮੈਂ ਹਮੇਸ਼ਾ ਪੰਜਾਬ ਦੇ ਨਾਲ ਖੜ੍ਹਾਂਗਾ।” ਹੁਣ ਇਹ ਦੇਖਣਾ ਹੈ ਕਿ ਪੁਲਿਸ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦੀ ਹੈ ਅਤੇ ਜੱਸੀ ਨੂੰ ਕਾਨੂੰਨੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਜਾਂ ਨਹੀਂ।

 

Exit mobile version