The Khalas Tv Blog Punjab ‘ਆਪ’ ਵਿਧਾਇਕ ਦੀ ਪਤਨੀ ਖ਼ਿਲਾਫ਼ FIR! ਬਜ਼ੁਰਗ NRI ਦੇ ਘਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼
Punjab

‘ਆਪ’ ਵਿਧਾਇਕ ਦੀ ਪਤਨੀ ਖ਼ਿਲਾਫ਼ FIR! ਬਜ਼ੁਰਗ NRI ਦੇ ਘਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼

ਬਿਉਰੋ ਰਿਪੋਰਟ: ਲੁਧਿਆਣਾ ਜ਼ਿਲ੍ਹੇ ਦੇ ਕਸਬਾ ਸੁਧਾਰ ਥਾਣੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਪਤਨੀ ਗੁਰਪ੍ਰੀਤ ਕੌਰ ਗੁਰੀ ਸਮੇਤ 7 ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਸਾਰੇ ਮੁਲਜ਼ਮ ਫਰਾਰ ਹਨ। ਪੁਲਿਸ ਉਨ੍ਹਾਂ ਦੀ ਭਾਲ ਵਿੱਚ ਲੱਗੀ ਹੋਈ ਹੈ। ਮੁਲਜ਼ਮਾਂ ਉੱਤੇ ਇਲਜ਼ਾਮ ਹੈ ਕਿ ਉਪਰੋਕਤ ਸਾਰੇ ਮੁਲਜ਼ਮਾਂ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਬਜ਼ੁਰਗ ਐਨਆਰਆਈ ਨਛੱਤਰ ਸਿੰਘ ਦੇ ਘਰ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ।

ਬਜ਼ੁਰਗ ਦੇ ਖਿਲਾਫ ਦਰਜ ਕਰਵਾਇਆ ਸੀ ਛੇੜਛਾੜ ਦਾ ਮਾਮਲਾ

ਗੁਰਪ੍ਰੀਤ ਕੌਰ ਗੁਰੀ ਨੇ 20 ਅਗਸਤ ਨੂੰ ਉਕਤ ਬਜ਼ੁਰਗ ਐਨਆਰਆਈ ਨਛੱਤਰ ਸਿੰਘ ਖ਼ਿਲਾਫ਼ ਸਰੀਰਕ ਛੇੜਛਾੜ ਦਾ ਕੇਸ ਦਰਜ ਕਰਵਾਇਆ ਸੀ। ਹਾਲਾਂਕਿ ਇਸ ਮਾਮਲੇ ਵਿੱਚ ਐਨਆਰਆਈ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸੰਦੀਪ ਸਿੰਘ ਜਗਪਾਲ ਨੇ ਕੈਨੇਡਾ ਦੇ ਮਿਸੀਸਾਗਾ ਤੋਂ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪੁਲਿਸ ਮੁਖੀ ਐਸਐਸਪੀ ਨਵਨੀਤ ਸਿੰਘ ਬੈਂਸ ਨੂੰ ਈਮੇਲ ਭੇਜ ਕੇ ਮਕਾਨ ’ਤੇ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਪੁਲਿਸ ਜਾਂਚ ਵਿੱਚ ਇਲਜ਼ਾਮ ਪਾਏ ਗਏ ਸਹੀ

ਪੜਤਾਲ ਦੌਰਾਨ ਸਾਰੇ ਇਲਜ਼ਾਮ ਸਹੀ ਪਾਏ ਗਏ, ਜਿਸ ਤੋਂ ਬਾਅਦ ਐਸ.ਐਸ.ਪੀ. ਨਵਨੀਤ ਸਿੰਘ ਬੈਂਸ ਦੇ ਹੁਕਮਾਂ ’ਤੇ ਗੁਰਪ੍ਰੀਤ ਕੌਰ ਗੁਰੀ ਵਾਸੀ ਸਹੌਲੀ, ਅਰਵਿੰਦ ਕੁਮਾਰ ਰਾਏ ਵਾਸੀ ਬਿਹਾਰ, ਜੈ ਕ੍ਰਿਸ਼ਨ ਸਾਹਨੀ ਵਾਸੀ ਬਿਹਾਰ, ਚੰਦਨ ਸਾਹਨੀ ਵਾਸੀ ਬਿਹਾਰ, ਹਰਜੀਤ ਸਿੰਘ, ਬਲਵੀਰ ਸਿੰਘ ਵਾਸੀ ਚੌਕੀਮਾਨ ਜਗਰਾਉਂ ਅਤੇ ਸੁਖਦੇਵ ਸਿੰਘ ਵਾਸੀ ਲੁਧਿਆਣਾ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਮੁਲਜ਼ਮ ਫਰਾਰ ਹਨ ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਵਿਧਾਇਕ ਪਠਾਣ ਮਾਜਰਾ ਦੀ ਪਤਨੀ ਗੁਰਪ੍ਰੀਤ ਕੌਰ ਗੁਰੀ ਨਾਲ ਪਰਿਵਾਰਕ ਸਬੰਧ ਹੋਣ ਕਾਰਨ ਬਜ਼ੁਰਗ ਐਨਆਰਆਈ ਨਛੱਤਰ ਸਿੰਘ ਨੇ ਸੁਧਾਰ ਦੇ ਘੁਮਾਣ ਚੌਕ ਸਥਿਤ ਕਰੋੜਾਂ ਰੁਪਏ ਦੇ ਮਕਾਨ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਮੁਲਜ਼ਮਾਂ ਨੇ ਮਕਾਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜਾਅਲੀ ਦਸਤਾਵੇਜ਼ ਤਿਆਰ ਕੀਤੇ। ਦੱਸ ਦੇਈਏ ਕਿ ਇਸ ਮਾਮਲੇ ’ਚ ਵਿਧਾਇਕ ਪਠਾਣ ਮਾਜਰਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਦਾ ਗੁਰਪ੍ਰੀਤ ਕੌਰ ਨਾਲ ਕਿਸੇ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੈ।

Exit mobile version