‘ਦ ਖ਼ਾਲਸ ਬਿਊਰੋ :- ਅੱਜ ਜ਼ਿਲ੍ਹਾ ਬਠਿੰਡਾ ਦੇ SSP ਭੁਪਿੰਦਰਜੀਤ ਸਿੰਘ ਵਿਰਕ ਅਤੇ ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀ ਆਗੂ ਖੁਸ਼ਬਾਜ ਜਟਾਣਾ ਦੇ ਕੋਰੋਨਾ ਪਾਜ਼ਿਟਿਵ ਆਉਣ ਨਾਲ ਬਠਿੰਡਾ ਪ੍ਰਸ਼ਾਸ਼ਨ ‘ਚ ਹਲਚਲ ਮੱਚ ਗਈ ਹੈ। ਇਹ ਦੋਵੇਂ 15 ਅਗਸਤ ਨੂੰ ਅਜ਼ਾਦੀ ਦਿਹਾੜੇ ਦੇ ਸਮਾਗਮਾਂ ’ਚ ਸ਼ਾਮਲ ਹੋਏ ਸਨ, ਜਿੱਥੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਝੰਡਾ ਲਹਿਰਾਇਆ ਗਿਆ ਸੀ।
SSP ਭੁਪਿੰਦਰਜੀਤ ਸਿੰਘ ਵਿਰਕ ਦੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਦੀ ਸੂਚਨਾ ਮਿਲਦਿਆਂ ਹੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਖੁਦ ਨੂੰ ਘਰ ’ਚ ਇਕਾਂਤਵਾਸ ਕਰ ਲਿਆ ਹੈ। ਇਸ ਗੱਲ ਦੀ ਪੁਸ਼ਟੀ ਵਿੱਤ ਮੰਤਰੀ ਵੱਲੋਂ ਆਪ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਕੀਤੀ ਗਈ ਹੈ ਕਿ “ਬਠਿੰਡਾ ਦੇ ਐਸ.ਐਸ.ਪੀ. ਕੋਰੋਨਾ ਪਾਜ਼ਿਟਿਵ ਆਏ ਹਨ ਅਤੇ ਮੈਂ ਉਨ੍ਹਾਂ ਨੂੰ 15 ਅਗਸਤ ਨੂੰ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਹਾੜੇ ਸਮਾਗਮ ‘ਚ ਮਿਲਿਆ ਸੀ। ਡਾਕਟਰੀ ਸਲਾਹ ਅਨੁਸਾਰ ਅਤੇ ਆਪਣੇ ਪਰਿਵਾਰ ਤੇ ਪਾਰਟੀ ਵਰਕਰਾਂ ਦੀ ਸੁਰੱਖਿਆ ਲਈ ਮੈਂ ਸਵੈ-ਇਕਾਂਤਵਾਸ ਵਿੱਚ ਜਾ ਰਿਹਾ ਹਾਂ ਅਤੇ ਆਉਣ ਵਾਲੇ ਸਮੇਂ ਦੌਰਾਨ ਮੇਰੇ ਵੱਲੋਂ ਕੋਈ ਵੀ ਪਬਲਿਕ ਮੀਟਿੰਗ ਨਹੀਂ ਕੀਤੀ ਜਾਵੇਗੀ”।
ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਵੀ ਖੁਦ ਨੂੰ ਘਰ ’ਚ ਇਕਾਂਤਵਾਸ ਕਰ ਲਿਆ ਹੈ। ਡਿਪਟੀ ਕਮਿਸ਼ਨਰ ਨੇ SSP ਭੁਪਿੰਦਰਜੀਤ ਸਿੰਘ ਤੇ ਕਾਂਗਰਸੀ ਆਗੂ ਖੁਸ਼ਬਾਜ ਜਟਾਣਾ ਦੇ ਸੰਪਰਕ ’ਚ ਆਉਣ ਵਾਲਿਆਂ ਨੂੰ ਕੋਰੋਨਾ ਟੈਸਟ ਕਰਵਾ ਲੈਣ ਦੀ ਸਲਾਹ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਅਜ਼ਾਦੀ ਦਿਹਾੜੇ ਵਾਲੇ ਦਿਨ ਕਰਵਾਏ ਗਏ ਸਮਾਗਮ ’ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮੌਜੂਦਗੀ ’ਚ IG ਜਸਕਰਨ ਸਿੰਘ, ਬਠਿੰਡਾ ਸ਼ਹਿਰ ਦੇ SSP ਅਤੇ DC ਤੋਂ ਇਲਾਵਾ ਕਾਫੀ ਕਾਂਗਰਸੀ ਨੇਤਾ ਮੌਜੂਦ ਸਨ, ਜਿੰਨਾਂ ’ਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ K.K. ਅਗਰਵਾਲ, ਮਾਰਕਿਟ ਕਮੇਟੀ ਦੇ ਚੇਅਰਮੈਨ ਮੋਹਨ ਲਾਲ ਝੂੰਬਾ, ਅਰੁਣ ਵਧਾਵਨ, ਖ਼ੁਸ਼ਬਾਜ ਸਿੰਘ ਜਟਾਣਾ, ਪਵਨ ਮਾਨੀ, ਅਨਿਲ ਭੋਲਾ, ADC ਜਨਰਲ ਰਾਜਦੀਪ ਸਿੰਘ ਬਰਾੜ, ਸਹਾਇਕ ਕਮਿਸ਼ਨਰ ਜਨਰਲ ਮੈਡਮ ਮਨਿੰਦਰਜੀਤ ਕੌਰ, ਤਹਿਸੀਲਦਾਰ ਬਠਿੰਡਾ ਸੁਖਬੀਰ ਸਿੰਘ ਬਰਾੜ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਸ਼ਾਮਲ ਸਨ।