‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਦੇ ਘਰੋਂ ਇੱਕ ਹੋਰ ਹੈਰਾਨੀ ਭਰੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਨੇ ਉੱਚ ਪੱਧਰੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਦਾ ਤਾਜ ਰਾਜ ਸਭਾ ਦੇ ਮੈਂਬਰ ਅਤੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦੇ ਸਿਰ ਉੱਤੇ ਸਜਾ ਦਿੱਤਾ ਹੈ। ਪੰਜਾਬ ਸਰਕਾਰ ਵੱਲ਼ੋਂ ਕਮੇਟੀ ਦੇ ਗਠਨ ਕਰਨ ਵੇਲੇ ਹੀ ਕਾਫ਼ੀ ਵਿਵਾਦ ਖੜਾ ਹੋ ਗਿਆ ਸੀ ਅਤੇ ਉਸ ਵੇਲੇ ਤੋਂ ਰਾਘਵ ਚੱਢਾ ਨੂੰ ਚੇਅਰਮੈਨ ਦੀ ਜ਼ਿੰਮੇਵਾਰੀ ਦੇਣ ਦੀਆਂ ਕਨਸੋਆਂ ਛਿੜ ਪਈਆਂ ਸਨ। ਕਮੇਟੀ ਦੇ ਚੇਅਰਮੈਨ ਅਤੇ ਦੂਜੇ ਮੈਂਬਰ ਕੋਈ ਤਨਖ਼ਾਹ ਜਾਂ ਭੱਤੇ ਨਹੀਂ ਲੈਣਗੇ।
ਦਿੱਲੀ ਤੋਂ ਆਪ ਦੇ ਨੇਤਾ ਅਤੇ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਰਾਘਵ ਚੱਢਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਦੀ ਪਿੱਠ ਨਾਲ ਲੱਗਦੀ ਸਰਕਾਰੀ ਕੋਠੀ ਵਿੱਚ ਡੇਰਾ ਲਾਈ ਬੈਠੇ ਹਨ। ਨਵਾਂ ਫੈਸਲਾ ਸਾਹਮਣੇ ਆਉਣ ਨਾਲ ਉਨ੍ਹਾਂ ਦੇ ਸਰਕਾਰੀ ਕੰਮਾਂ ਵਿੱਚ ਪੂਰੀ ਤਰ੍ਹਾਂ ਸ਼ਮੂਲੀਅਤ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਤੋਂ ਪਹਿਲਾਂ ਕਈ ਵਾਰ ਉੱਚ ਅਫ਼ਸਰ ਬਤੌਰ ਰਾਜ ਸਭਾ ਮੈਂਬਰ ਸਰਕਾਰੀ ਮੀਟਿੰਗਾਂ ਵਿੱਚ ਸ਼ਾਮਿਲ ਹੋਣ ਜਾਂ ਉਨ੍ਹਾਂ ਨੂੰ ਤਲਬ ਕਰਨ ਉੱਤੇ ਅੰਦਰੋਂ ਅੰਦਰੀਂ ਇਤਰਾਜ਼ ਕਰਿਆ ਕਰਦੇ ਸਨ।
ਪੰਜਾਬ ਸਰਕਾਰ ਨੇ ਆਮ ਲੋਕਾਂ ਨਾਲ ਜੁੜੇ ਪ੍ਰਸ਼ਾਸਕੀ ਮੁੱਦਿਆਂ ਉੱਤੇ ਮਸ਼ਵਰਾ ਲੈਣ ਲਈ ਉੱਚ ਪੱਧਰੀ ਸਲਾਹਕਾਰ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਲਿਆ ਸੀ। ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ। ਸਲਾਹਕਾਰ ਕਮੇਟੀ ਦੇ ਦੂਜੇ ਮੈਂਬਰਾਂ ਦੀ ਨਿਯੁਕਤੀ ਬਾਰੇ ਹਾਲੇ ਕੋਈ ਸੂਹ ਨਹੀਂ ਹੈ।
ਸਿਆਸੀ ਹਲਕਿਆਂ ਵਿੱਚ ਇਸ ਕਮੇਟੀ ਦੇ ਮੁਖੀ ਦਿੱਲੀ ਨਾਲ ਸਬੰਧਤ ‘ਆਪ’ ਦੇ ਇਸ ਆਗੂ ਨੂੰ ਲਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤੇ ਜਾਣ ਦੀ ਚਰਚਾ ਵੀ ਚੱਲ ਰਹੀ ਸੀ। ਨਿਯੁਕਤੀ ਦੀਆਂ ਟਰਮਾਂ ਹਾਲੇ ਤੱਕ ਨਿਰਧਾਰਤ ਨਹੀਂ ਕੀਤੀਆਂ ਗਈਆਂ ਜਿਸ ਕਰਕੇ ਕੈਬਨਿਟ ਰੈਂਕ ਦੇਣ ਦਾ ਹਾਲੇ ਓਹਲਾ ਰੱਖ ਲਿਆ ਗਿਆ ਹੈ।