The Khalas Tv Blog Punjab ਬੱਚਿਆਂ ਦੇ ਆਪਸੀ ਵਿਵਾਦ ਨੇ ਦੋ ਧਿਰਾਂ ’ਚ ਕਰਾਈ ਖ਼ੂਨੀ ਝੜਪ! ਇੱਕ-ਦੂਜੇ ਦੇ ਪਾੜੇ ਸਿਰ, 6 ਜ਼ਖ਼ਮੀ, ਹਸਪਤਾਲ ’ਚ ਵੀ ਹੰਗਾਮਾ
Punjab

ਬੱਚਿਆਂ ਦੇ ਆਪਸੀ ਵਿਵਾਦ ਨੇ ਦੋ ਧਿਰਾਂ ’ਚ ਕਰਾਈ ਖ਼ੂਨੀ ਝੜਪ! ਇੱਕ-ਦੂਜੇ ਦੇ ਪਾੜੇ ਸਿਰ, 6 ਜ਼ਖ਼ਮੀ, ਹਸਪਤਾਲ ’ਚ ਵੀ ਹੰਗਾਮਾ

ਫਾਜ਼ਿਲਕਾ: ਅੱਜ ਸਵੇਰੇ ਅਬੋਹਰ ਦੇ ਅਜੀਤ ਨਗਰ ’ਚ ਬੱਚਿਆਂ ਦੇ ਆਪਸੀ ਝਗੜੇ ਨੇ ਦੋ ਗੁੱਟਾਂ ਵਿੱਚ ਖ਼ੂਨੀ ਟਕਰਾਅ ਦਾ ਰੂਪ ਧਾਰਨ ਕਰ ਲਿਆ, ਜਿਸ ਕਾਰਨ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਤੇ ਦੂਜੀ ਧਿਰ ਨੇ ਇਕ-ਦੂਜੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ-ਦੂਜੇ ਦੇ ਸਿਰ ਪਾੜ ਦਿੱਤੇ।

ਇਸ ਹਮਲੇ ’ਚ ਪਤੀ-ਪਤਨੀ ਸਮੇਤ 6 ਲੋਕ ਜ਼ਖਮੀ ਹੋ ਗਏ ਜਿਨ੍ਹਾਂ ’ਚੋਂ 5 ਲੋਕਾਂ ਦੀ ਹਾਲਤ ਨਾਜ਼ੁਕ ਹੋਣ ’ਤੇ ਰੈਫਰ ਕਰਨਾ ਪਿਆ। ਦੋਵਾਂ ਧਿਰਾਂ ਦੇ ਰਿਸ਼ਤੇਦਾਰਾਂ ਨੇ ਹਸਪਤਾਲ ’ਚ ਹੰਗਾਮਾ ਵੀ ਕੀਤਾ ਜਿਸ ਕਾਰਨ ਹਸਪਤਾਲ ਦੇ ਪ੍ਰਬੰਧਕ ਨੂੰ ਪੁਲਿਸ ਬੁਲਾਉਣੀ ਪਈ।

ਮੋਟਰਸਾਈਕਲ ਦੀ ਟੱਕਰ ਨੂੰ ਲੈ ਕੇ ਝਗੜਾ

ਜਾਣਕਾਰੀ ਦਿੰਦਿਆਂ ਅਮਰਜੀਤ ਦੀ ਪਤਨੀ ਸੁਰਿੰਦਰ ਨੇ ਦੱਸਿਆ ਕਿ ਅੱਜ ਸਵੇਰੇ ਉਸ ਦਾ ਪਤੀ, ਪੁੱਤਰ ਹੁਕਮਚੰਦ ਤੇ ਗੁਰਦੇਵ ਕੰਮ ’ਤੇ ਜਾਣ ਲਈ ਗਲੀ ’ਚ ਮੋਟਰ ਸਾਈਕਲ ਲੈ ਕੇ ਗਏ ਸਨ। ਉਦੋਂ ਹੀ ਗੁਆਂਢ ’ਚ ਰਹਿੰਦੇ ਦੋ ਬੱਚਿਆਂ ਨੇ ਤੇਜ਼ ਰਫਤਾਰ ਨਾਲ ਆਪਣੀ ਬਾਈਕ ਚਲਾ ਕੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ’ਤੇ ਗੁਰਦੇਵ ਨੇ ਬੱਚਿਆਂ ਨੂੰ ਝਿੜਕਿਆ ਅਤੇ ਉਨ੍ਹਾਂ ਦੇ ਮੋਟਰ ਸਾਈਕਲ ਦੀਆਂ ਚਾਬੀਆਂ ਕੱਢ ਲਈਆਂ।

ਇਸ ਦੌਰਾਨ ਦੋਵੇਂ ਬੱਚੇ ਆਪਣੇ ਘਰ ਚਲੇ ਗਏ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਕੁੱਟਮਾਰ ਕਰਨ ਤੇ ਬਾਈਕ ਖੋਹਣ ਲਈ ਭੜਕਾਇਆ। ਬੱਚਿਆਂ ਦੇ ਪਰਿਵਾਰਕ ਮੈਂਬਰ ਗੁੱਸੇ ’ਚ ਆ ਗਏ ਅਤੇ ਉਨ੍ਹਾਂ ਨੇ ਆਉਂਦਿਆਂ ਹੀ ਸੁਰਿੰਦਰ ਤੇ ਗੁਰਦੇਵ ’ਤੇ ਗੰਡਾਸੇ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਉਹ ਅਤੇ ਉਸ ਦੀ ਭਰਜਾਈ ਲਕਸ਼ਮੀਬਾਈ ਅਤੇ ਉਸ ਦੀ ਪਤਨੀ ਕੁਲਦੀਪ ਬਚਾਅ ਲਈ ਗਏ ਤਾਂ ਉਨ੍ਹਾਂ ’ਤੇ ਵੀ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਇਹ ਲਹੂ-ਲੁਹਾਨ ਹੋ ਗਏ।

ਦੂਜੇ ਧਿਰ ਦਾ ਪੱਖ

ਦੂਜੇ ਪਾਸੇ ਦੂਸਰੀ ਧਿਰ ਦੇ ਕ੍ਰਿਸ਼ਨ ਅਤੇ ਸੁਰਿੰਦਰ ਪੁੱਤਰ ਦਾਤਾਰ ਸਿੰਘ ਨੇ ਦੱਸਿਆ ਕਿ ਪਹਿਲੀ ਧਿਰ ਦੇ ਲੋਕਾਂ ਨੇ ਉਨ੍ਹਾਂ ਦੇ ਲੜਕਿਆਂ ਦੀ ਕੁੱਟਮਾਰ ਕੀਤੀ ਅਤੇ ਉਨ੍ਹਾਂ ਦਾ ਮੋਟਰ ਸਾਈਕਲ ਖੋਹ ਲਿਆ। ਜਦੋਂ ਉਹ ਇਸ ਸਬੰਧੀ ਸ਼ਿਕਾਇਤ ਕਰਨ ਗਏ ਤਾਂ ਪਹਿਲੀ ਧਿਰ ਨੇ ਉਨ੍ਹਾਂ ’ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਆਪਣਾ ਬਚਾਅ ਕਰਦੇ ਹੋਏ ਫਿਰ ਉਨ੍ਹਾਂ ਨੇ ਵੀ ਪਹਿਲੀ ਧਿਰ ਨੂੰ ਆਪਣੇ ਡੰਡਿਆਂ ਨਾਲ ਕੁੱਟਿਆ।

ਇਹ ਵੀ ਪੜ੍ਹੋ – 33 ਪੰਜਾਬੀ ਮਜ਼ਦੂਰਾਂ ਨੂੰ ਇਸ ਦੇਸ਼ ਤੋਂ ਕਰਵਾਇਆ ਗਿਆ ਅਜ਼ਾਦ! ਪੱਕੀ ਨਾਗਰਿਕਤਾ ਤੇ ਨੌਕਰੀ ਆਫ਼ਰ, 2 ਏਜੰਟਾਂ ਤੋਂ ਕਰੋੜਾਂ ਰੁਪਏ ਜ਼ਬਤ
Exit mobile version