ਯਾਤਰੀਆਂ ਨੂੰ ਰੇਲਗੱਡੀਆਂ ਵਿੱਚ ਬਿਨਾਂ ਟਿਕਟ ਯਾਤਰਾ ਕਰਨ ਤੋਂ ਰੋਕਣ ਲਈ, ਫਿਰੋਜ਼ਪੁਰ ਡਿਵੀਜ਼ਨ ਰੇਲਵੇ ਵੱਲੋਂ ਅਪ੍ਰੈਲ ਮਹੀਨੇ ਵਿੱਚ ਵੱਡੀ ਗਿਣਤੀ ਵਿੱਚ ਯਾਤਰੀਆਂ ਨੂੰ ਫੜਿਆ ਗਿਆ ਅਤੇ ਉਨ੍ਹਾਂ ‘ਤੇ ਭਾਰੀ ਜੁਰਮਾਨੇ ਲਗਾਏ ਗਏ। ਫਿਰੋਜ਼ਪੁਰ ਡਿਵੀਜ਼ਨ ਵਿੱਚ, ਟਿਕਟ ਚੈਕਿੰਗ ਸਟਾਫ ਨੇ ਅਪ੍ਰੈਲ ਮਹੀਨੇ ਵਿੱਚ ਬਿਨਾਂ ਟਿਕਟ ਯਾਤਰਾ ਕਰਦੇ 42322 ਯਾਤਰੀਆਂ ਨੂੰ ਫੜਿਆ।
ਟਿਕਟ ਚੈਕਿੰਗ ਦੌਰਾਨ ਫਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਉਨ੍ਹਾਂ ਤੋਂ ਜੁਰਮਾਨੇ ਵਜੋਂ 3.04 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ। ਫਿਰੋਜ਼ਪੁਰ ਡਵੀਜ਼ਨ ਨੂੰ ਮੁੱਖ ਦਫਤਰ ਵੱਲੋਂ ਮਈ ਮਹੀਨੇ ਵਿਚ ਟਿਕਟ ਚੈਕਿੰਗ ਰਾਹੀਂ 2.79 ਕਰੋੜ ਰੁਪਏ ਦਾ ਮਾਲੀਆ ਕਮਾਉਣ ਦਾ ਟੀਚਾ ਦਿੱਤਾ ਗਿਆ ਸੀ ਪਰ ਡਵੀਜ਼ਨ ਦੇ ਟਿਕਟ ਚੈਕਿੰਗ ਸਟਾਫ ਦੇ ਸਮੂਹਿਕ ਯਤਨਾਂ ਅਤੇ ਮਿਹਨਤ ਸਦਕਾ ਟੀਚੇ ਤੋਂ 9 ਪ੍ਰਤੀਸ਼ਤ ਵੱਧ ਮਾਲੀਆ ਪ੍ਰਾਪਤ ਹੋਇਆ।
ਡਿਵੀਜ਼ਨ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼ ਰੱਖਣ ਅਤੇ ਆਮ ਲੋਕਾਂ ਨੂੰ ਸਟੇਸ਼ਨਾਂ ’ਤੇ ਕੂੜਾ ਸੁੱਟਣ ਤੋਂ ਰੋਕਣ ਅਤੇ ਉਨ੍ਹਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਲਈ, ਡਿਵੀਜ਼ਨ ਦੇ ਮੁੱਖ ਸਟੇਸ਼ਨਾਂ ’ਤੇ ਨਿਯਮਤ ਜਾਂਚ ਕੀਤੀ ਜਾਂਦੀ ਹੈ। ਨਤੀਜੇ ਵਜੋਂ ਅਪ੍ਰੈਲ ਮਹੀਨੇ ਵਿਚ, ਸਟੇਸ਼ਨ ਕੰਪਲੈਕਸ ਵਿਚ ਕੂੜਾ ਸੁੱਟਣ ਲਈ 359 ਯਾਤਰੀਆਂ ਤੋਂ 56 ਹਜ਼ਾਰ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਗਈ। ਡਿਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਨੇ ਕਿਹਾ ਕਿ ਫਿਰੋਜ਼ਪੁਰ ਡਿਵੀਜ਼ਨ ਵਿਚ ਟਿਕਟ ਜਾਂਚ ਮੁਹਿੰਮਾਂ ਜਾਰੀ ਰਹਿਣਗੀਆਂ।