ਖੰਨਾ ਦੇ ਦੋਰਾਹਾ ਪਿੰਡ ਦੀ ਰਹਿਣ ਵਾਲੀ 32 ਸਾਲਾ ਮਹਿਲਾ ਡਾਕਟਰ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰ ਨੂੰ ਲਗਾਤਾਰ 8 ਸਾਲ ਤੱਕ ਰਿਲੇਸ਼ਨਸ਼ਿਪ ਵਿੱਚ ਰੱਖਿਆ ਗਿਆ। ਵਿਆਹ ਦੇ ਬਹਾਨੇ ਸਰੀਰਕ ਸਬੰਧ ਬਣਾਏ ਗਏ। ਇਸ ਦੌਰਾਨ ਮੁਲਜ਼ਮ ਇਟਲੀ ਚਲਾ ਗਿਆ ਤੇ ਉੱਥੇ ਜਾ ਕੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਹੁਣ ਥਾਣਾ ਮਲੌਧ ਵਿੱਚ ਡਾਕਟਰ ਨੇ ਮੁਲਜ਼ਮ ਹਰਮਨਪ੍ਰੀਤ ਸਿੰਘ ਵਾਸੀ ਚੋਮੋਂ ਖ਼ਿਲਾਫ਼ ਧੋਖਾਧੜੀ ਤੇ ਜਬਰਜਨਾਹ ਦਾ ਕੇਸ ਦਰਜ ਕਰਾਇਆ ਹੈ।
ਪੀੜਤਾ ਨੇ ਦੱਸਿਆ ਕਿ ਉਸ ਦੀ ਹਰਮਨਪ੍ਰੀਤ ਸਿੰਘ ਨਾਲ ਕਰੀਬ 8 ਸਾਲ ਪਹਿਲਾਂ ਮੁਲਾਕਾਤ ਹੋਈ ਸੀ। ਦੋਵੇਂ ਰਿਲੇਸ਼ਨਸ਼ਿਪ ਵਿੱਚ ਰਹੇ। ਹਰਮਨਪ੍ਰੀਤ ਉਸ ਨੂੰ ਪਿੰਡ ਚੋਮੋਂ ਸਥਿਤ ਆਪਣੇ ਘਰ ਵੀ ਲੈ ਜਾਂਦਾ ਸੀ। ਉਸ ਨੇ ਪੀੜਤਾ ਨੂੰ ਆਪਣੇ ਪਰਿਵਾਰ ਨਾਲ ਵੀ ਮਿਲਵਾਇਆ ਹੋਇਆ ਸੀ। ਮੁਲਜ਼ਮ ਦੀ ਮਾਂ ਵੀ ਉਸ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਉਨ੍ਹਾਂ ਦੇ ਵਿਆਹ ਦੀ ਚਰਚਾ ਸੀ। ਮੁਲਜ਼ਮ ਉਸ ਨੂੰ ਕਹਿੰਦਾ ਰਿਹਾ ਕਿ ਉਹ ਕੁਝ ਸਮਾਂ ਉਡੀਕ ਕਰ ਕੇ ਵਿਆਹ ਕਰਵਾ ਲਵੇਗਾ। ਜਿਸ ’ਤੇ ਉਹ ਚੁੱਪ ਰਹਿੰਦੀ ਸੀ।
ਇਸੇ ਦੌਰਾਨ ਮੁਲਜ਼ਮ ਹਰਮਨਪ੍ਰੀਤ ਸਿੰਘ ਨੇ ਇਟਲੀ ਜਾਣ ਦੀ ਯੋਜਨਾ ਬਣਾਈ। ਜਦੋਂ ਪੀੜਤਾ ਨੇ ਉਸ ਨੂੰ ਵਿਆਹ ਤੋਂ ਬਾਅਦ ਵਿਦੇਸ਼ ਜਾਣ ਲਈ ਕਿਹਾ ਤਾਂ ਦੋਸ਼ੀ ਨੇ ਉਸ ਨਾਲ ਵਾਅਦਾ ਕੀਤਾ ਕਿ ਉਹ ਇਟਲੀ ਤੋਂ ਆ ਕੇ ਉਸ ਨਾਲ ਵਿਆਹ ਕਰੇਗਾ ਅਤੇ ਫਿਰ ਦੋਵੇਂ ਇਟਲੀ ਚਲੇ ਜਾਣਗੇ। ਇਟਲੀ ਜਾਣ ਤੋਂ ਕੁਝ ਸਮੇਂ ਬਾਅਦ ਹਰਮਨਪ੍ਰੀਤ ਉਸ ਨਾਲ ਫੋਨ ’ਤੇ ਗੱਲ ਕਰਦਾ ਰਿਹਾ। ਪਰ ਹੁਣ ਹਰਮਨਪ੍ਰੀਤ ਨੇ ਜਦੋਂ ਪੀੜਤਾ ਨਾਲ ਵਿਆਹ ਕਰਨ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਤਾਂ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਇਸ ਮਾਮਲੇ ਸਬੰਧੀ ਪੀੜਤਾ ਵੱਲੋਂ 3 ਮਈ 2024 ਨੂੰ SSP ਖੰਨਾ ਨੂੰ ਦਿੱਤੀ ਦਰਖ਼ਾਸਤ ਦਿੱਤੀ ਗਈ ਸੀ। ਜਾਂਚ ਤੋਂ ਬਾਅਦ ਮਲੌਧ ਥਾਣੇ ਵਿੱਚ ਹਰਮਨਪ੍ਰੀਤ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 376 ਅਤੇ 420 ਤਹਿਤ ਕੇਸ ਦਰਜ ਕੀਤਾ ਗਿਆ ਹੈ। ਡੀਐਸਪੀ ਨਿਖਿਲ ਗਰਗ ਨੇ ਦੱਸਿਆ ਕਿ ਮੁਲਜ਼ਮ ਵਿਦੇਸ਼ ਵਿੱਚ ਹੈ। ਉਸ ਵਿਰੁੱਧ ਬਣਦੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ।