ਬਿਊਰੋ ਰਿਪੋਰਟ: ਹਾਲ ਹੀ ਵਿੱਚ ਅਮਰੀਕੀ ਅਖ਼ਬਾਰ ਵਾਲ ਸਟਰੀਟ ਜਰਨਲ (WSJ) ਨੇ ਰਿਪੋਰਟ ਦਿੱਤੀ ਹੈ ਕਿ 12 ਜੂਨ ਨੂੰ ਹੋਏ ਏਆਈ-171 ਕਰੈਸ਼ (Ahmadabad Plane Crash) ਵਿੱਚ ਜਹਾਜ਼ ਦੇ ਕੈਪਟਨ ਸੁਮਿਤ ਸੱਭਰਵਾਲ ਨੇ ਇੰਜਣਾਂ ਨੂੰ ਤੇਲ ਦੀ ਸਪਲਾਈ ਬੰਦ ਕਰ ਦਿੱਤੀ ਸੀ ਜਿਸਨੂੰ ਖ਼ਬਰ ਏਜੰਸੀ ਰਾਇਟਰਜ਼ ਵੱਲੋਂ ਵੀ ਰਿਪੋਰਟ ਕੀਤਾ ਗਿਆ ਸੀ। ਭਾਰਤੀ ਪਾਇਲਟਾਂ ਦੀ ਫੈਡਰੇਸ਼ਨ (FIP) ਨੇ ਇਸ ’ਤੇ ਇਤਰਾਜ਼ ਕੀਤਾ ਹੈ। ਇਨ੍ਹਾਂ ਰਿਪੋਰਟਾਂ ਲਈ FIP ਨੇ ਦਿ ਵਾਲ ਸਟਰੀਟ ਜਰਨਲ (WSJ) ਤੇ ਰਾਇਟਰਜ਼ ਨੂੰ ਅਧਿਕਾਰਿਤ ਕਾਨੂੰਨੀ ਨੋਟਿਸ ਭੇਜਣ ਦੀ ਤਿਆਰੀ ਕਰ ਲਈ ਹੈ। ਫੈਡਰੇਸ਼ਨ ਨੇ ਦੋਵਾਂ ਨੂੰ ਇਸ ਬਾਬਤ ਅਧਿਕਾਰਤ ਮੁਆਫ਼ੀ ਮੰਗਣ ਦੀ ਮੰਗ ਵੀ ਕੀਤੀ ਹੈ।
ਰਾਇਟਰਜ਼ ਅਤੇ ‘ਦਿ ਵਾਲ ਸਟਰੀਟ ਜਰਨਲ’ ਨੂੰ ਭੇਜੇ ਈਮੇਲ ਵਿੱਚ ਐਫਆਈਪੀ ਨੇ ਕਿਹਾ, ‘‘ਸਾਡੇ ਧਿਆਨ ਵਿੱਚ ਆਇਆ ਹੈ ਕਿ ਕੌਮਾਂਤਰੀ ਮੀਡੀਆ ਦੇ ਕੁਝ ਹਿੱਸੇ ਵਾਰ-ਵਾਰ ਚੋਣਵੀਂ ਅਤੇ ਗੈਰ-ਪ੍ਰਮਾਣਿਤ ਰਿਪੋਰਟਿੰਗ ਰਾਹੀਂ ਸਿੱਟੇ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੀਆਂ ਕਾਰਵਾਈਆਂ ਗੈਰ-ਜ਼ਿੰਮੇਵਾਰਾਨਾ ਹਨ, ਖ਼ਾਸ ਕਰਕੇ ਉਦੋਂ ਜਦੋਂ ਜਾਂਚ ਦਾ ਅਮਲ ਜਾਰੀ ਹੈ।’’
ਉਨ੍ਹਾਂ ਕਿਹਾ, ‘‘ਹਾਲਾਂਕਿ ਇਸ ਵੱਡੇ ਹਾਦਸੇ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ, ਪਰ ਇਹ ਸਮਝਣ ਦੀ ਲੋੜ ਹੈ ਕਿ ਇਹ ਖਾਸ ਕਰਕੇ ਬੇਬੁਨਿਆਦ ਤੱਥਾਂ ਦੇ ਅਧਾਰ ’ਤੇੇ ਭਾਰਤੀ ਹਵਾਬਾਜ਼ੀ ਉਦਯੋਗ ਦੀ ਸੁਰੱਖਿਆ ਪ੍ਰਤੀ ਜਨਤਕ ਚਿੰਤਾ ਜਾਂ ਗੁੱਸਾ ਪੈਦਾ ਕਰਨ ਦਾ ਸਮਾਂ ਨਹੀਂ ਹੈ।’’
FIP ਦੇ ਪ੍ਰਧਾਨ ਸੀਐੱਸ ਰੰਧਾਵਾ ਨੇ ਇਸ ਕਾਰਵਾਈ ਦੀ ਪੁਸ਼ਟੀ ਕਰਦੇ ਹੋਏ ANI ਨੂੰ ਦੱਸਿਆ ਕਿ ਫੈਡਰੇਸ਼ਨ ਨੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ ਅਤੇ WSJ ਅਤੇ ਰਾਇਟਰਜ਼ ਨੂੰ ਉਨ੍ਹਾਂ ਦੀਆਂ ਰਿਪੋਰਟਾਂ ’ਤੇ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਮੁਆਫ਼ੀ ਮੰਗੇ ਜਾਣ ਦੀ ਮੰਗ ਵੀ ਸ਼ਾਮਲ ਹੈ।