ਨਿਪਾਹ ਵਾਇਰਸ ਦਾ ‘ਬੰਗਲਾਦੇਸ਼ ਵੇਰਿਅੰਟ’ ਕੇਰਲ ਦੇ ਕੋਝੀਕੋਡ ਜ਼ਿਲ੍ਹੇ ‘ਚ ਤੇਜ਼ੀ ਨਾਲ ਫੈਲ ਰਿਹਾ ਹੈ। ਬੁੱਧਵਾਰ ਨੂੰ ਇਸ ਵਾਇਰਸ ਦਾ ਪੰਜਵਾਂ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਕੋਝੀਕੋਡ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰੇ ਅਗਲੇ ਦੋ ਦਿਨਾਂ ਲਈ ਬੰਦ ਕਰ ਦਿੱਤੇ ਗਏ ਹਨ। ਤਾਜ਼ਾ ਮਾਮਲੇ ਵਿੱਚ, ਇੱਥੇ ਇੱਕ ਸਿਹਤ ਕਰਮਚਾਰੀ ਦਾ ਟੈਸਟ ਪਾਜ਼ੇਟਿਵ ਆਇਆ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਸੰਕਰਮਿਤ ਲੋਕਾਂ ਦੇ ਇਲਾਜ ਲਈ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਦੁਆਰਾ ਅੱਜ ਮੋਨੋਕਲੋਨਲ ਐਂਟੀਬਾਡੀਜ਼ ਉਪਲਬਧ ਕਰਵਾਏ ਜਾਣਗੇ।
ਕਲੈਕਟਰ ਏ ਗੀਤਾ ਨੇ ਕੋਝੀਕੋਡ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ ਕੀਤਾ ਸੀ। ਇੱਕ ਫੇਸਬੁੱਕ ਪੋਸਟ ਵਿੱਚ ਉਸ ਨੇ ਕਿਹਾ ਕਿ ਅਗਲੇ ਦੋ ਦਿਨ ਸਕੂਲ ਬੰਦ ਰਹਿਣਗੇ। ਵਿੱਦਿਅਕ ਸੰਸਥਾਵਾਂ ਦੋ ਦਿਨਾਂ ਵਿੱਚ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਦਾ ਪ੍ਰਬੰਧ ਕਰ ਸਕਦੀਆਂ ਹਨ। ਹਾਲਾਂਕਿ ਯੂਨੀਵਰਸਿਟੀ ਦੇ ਇਮਤਿਹਾਨ ਦੇ ਪ੍ਰੋਗਰਾਮ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਵਰਤਮਾਨ ਵਿੱਚ, ਮੋਨੋਕਲੋਨਲ ਐਂਟੀਬਾਡੀਜ਼ ਹੀ ਨਿਪਾਹ ਵਾਇਰਸ ਦੀ ਲਾਗ ਲਈ ਉਪਲਬਧ ਇਲਾਜ ਹਨ। ਹਾਲਾਂਕਿ, ਇਹ ਅਜੇ ਤੱਕ ਡਾਕਟਰੀ ਤੌਰ ‘ਤੇ ਸਾਬਤ ਨਹੀਂ ਹੋਇਆ ਹੈ।
ਨਿਪਾਹ ਵਾਇਰਸ ਨਾਲ ਸਭ ਤੋਂ ਪਹਿਲਾਂ ਪ੍ਰਭਾਵਿਤ 9 ਸਾਲਾ ਬੱਚੇ ਦੀ ਹਾਲਤ ਬਹੁਤ ਗੰਭੀਰ ਹੈ। ਦ ਹਿੰਦੂ ਅਖ਼ਬਾਰ ਨੇ ਦੱਸਿਆ ਕਿ ਉਸ ਦੇ ਸੰਪਰਕ ਵਿਚ ਆਏ 60 ਲੋਕਾਂ ਦਾ ਪਤਾ ਲਗਾਇਆ ਗਿਆ ਹੈ। ਇਸੇ ਤਰਜ਼ ‘ਤੇ, ਮਾਰੂਥੋਂਕਾਰਾ, ਕੋਜ਼ੀਕੋਡ ਦੇ 47 ਸਾਲਾ ਵਿਅਕਤੀ ਦੇ 371 ਸੰਪਰਕ ਡਾਕਟਰੀ ਨਿਗਰਾਨੀ ਹੇਠ ਹਨ। ਕੇਰਲ ਦੇ ਸਿਹਤ ਮੰਤਰੀ ਨੇ ਕਿਹਾ ਕਿ ਲੜਕਾ ਕੋਝੀਕੋਡ ਦੇ ਇੱਕ ਹਸਪਤਾਲ ਵਿੱਚ ਵੈਂਟੀਲੇਟਰ ਸਪੋਰਟ ‘ਤੇ ਹੈ ਅਤੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। “ਅਸੀਂ ICMR (ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ) ਨਾਲ ਮੋਨੋਕਲੋਨਲ ਐਂਟੀਬਾਡੀਜ਼ ਲਈ ਆਰਡਰ ਦਿੱਤਾ ਹੈ ਅਤੇ ਇਸਨੂੰ ਜਲਦੀ ਹੀ ਕੋਜ਼ੀਕੋਡ ਲਿਆਂਦਾ ਜਾਵੇਗਾ। ਇਹ ਆਯਾਤ ਦਵਾਈ ਪਹਿਲਾਂ ਹੀ ICMR ਕੋਲ ਉਪਲਬਧ ਹੈ।
ਇੱਥੇ ਸਵਾਲ ਇਹ ਉੱਠਦਾ ਹੈ ਕਿ ਭਾਰਤ ਵਿੱਚ ਨਿਪਾਹ ਜਾਂ ਕੋਰੋਨਾ ਦੇ ਸ਼ੁਰੂਆਤੀ ਮਾਮਲੇ ਕੇਰਲ ਰਾਜ ਤੋਂ ਹੀ ਕਿਉਂ ਸ਼ੁਰੂ ਹੋਏ? ਏਮਜ਼ ਦਿੱਲੀ ਦੇ ਕਮਿਊਨਿਟੀ ਮੈਡੀਸਨ ਦੇ ਪ੍ਰੋਫੈਸਰ ਡਾਕਟਰ ਸੰਜੇ ਰਾਏ ਅਨੁਸਾਰ ਕੇਰਲ ਵਿੱਚ ਇੱਕ ਪਾਸੇ ਜੰਗਲ ਅਤੇ ਦੂਜੇ ਪਾਸੇ ਸਮੁੰਦਰ ਹੈ। ਦੋਵਾਂ ਵਿਚ ਵੱਖੋ-ਵੱਖਰੇ ਕਿਸਮ ਦੇ ਜਾਨਵਰ ਹਨ। ਉਨ੍ਹਾਂ ਦੇ ਸੰਪਰਕ ਵਿੱਚ ਆਉਣ ਨਾਲ ਬਿਮਾਰੀ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਕੇਰਲ ਵਿੱਚ ਹਰ ਘਰ ਵਿੱਚ ਜਾਨਵਰ ਰੱਖਣ ਦੀ ਪਰੰਪਰਾ ਵੀ ਹੈ। ਦੱਖਣੀ ਅਫ਼ਰੀਕਾ ਵਿੱਚ ਵੀ ਇਹੀ ਸਥਿਤੀ ਹੈ। ਉੱਥੇ ਵੀ ਹਰ ਰੋਜ਼ ਇਸੇ ਤਰਜ਼ ‘ਤੇ ਨਵੀਂਆਂ ਬਿਮਾਰੀਆਂ ਦਾ ਪਤਾ ਲੱਗ ਰਿਹਾ ਹੈ।