The Khalas Tv Blog India ਫ਼ਾਜ਼ਿਲਕਾ ਦੀ ਧੀ ਨੇ ਟੋਕੀਓ ਡੈਫਲੰਪਿਕਸ ’ਚ ਬਣਾਇਆ ਵਿਸ਼ਵ ਰਿਕਾਰਡ, ਜਿੱਤਿਆ ਗੋਲਡ ਮੈਡਲ
India International Punjab

ਫ਼ਾਜ਼ਿਲਕਾ ਦੀ ਧੀ ਨੇ ਟੋਕੀਓ ਡੈਫਲੰਪਿਕਸ ’ਚ ਬਣਾਇਆ ਵਿਸ਼ਵ ਰਿਕਾਰਡ, ਜਿੱਤਿਆ ਗੋਲਡ ਮੈਡਲ

ਬਿਊਰੋ ਰਿਪੋਰਟ (ਫ਼ਾਜ਼ਿਲਕਾ, 24 ਨਵੰਬਰ 2025): ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਢੀਪਾਂਵਾਲੀ ਦੀ ਰਹਿਣ ਵਾਲੀ ਮਾਹਿਤ ਸੰਧੂ ਨੇ ਨਿਸ਼ਾਨੇਬਾਜ਼ੀ ਵਿੱਚ ਵਿਸ਼ਵ ਰਿਕਾਰਡ ਕਾਇਮ ਕਰਕੇ ਦੇਸ਼ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।

ਟੋਕੀਓ ਵਿੱਚ ਹੋਏ ਸਮਰ ਡੈਫਲੰਪਿਕਸ (Summer Deaflympics) ਵਿੱਚ 50 ਮੀਟਰ ਰਾਈਫਲ ਈਵੈਂਟ ਵਿੱਚ ਮਾਹਿਤ ਸੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਹਾਸਲ ਕੀਤਾ ਹੈ। ਇਸ ਜਿੱਤ ਨਾਲ ਨਾ ਸਿਰਫ਼ ਉਸ ਦੇ ਪਰਿਵਾਰ, ਸਗੋਂ ਪੂਰੇ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਮਾਹਿਤ ਸੰਧੂ, ਜੋ ਕਿ ਪਵੀਤ ਸਿੰਘ ਸੰਧੂ ਦੀ ਸਪੁੱਤਰੀ ਹੈ, ਨੇ ਮਹਿਲਾ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਈਵੈਂ ਵਿੱਚ ਸੋਨ ਤਗਮਾ ਜਿੱਤ ਕੇ ਇਨ੍ਹਾਂ ਖੇਡਾਂ ਵਿੱਚ ਆਪਣਾ ਚੌਥਾ ਮੈਡਲ ਹਾਸਲ ਕੀਤਾ ਹੈ। ਮਾਹਿਤ ਨੇ ਫਾਈਨਲ ਵਿੱਚ ਕੁੱਲ 456 ਅੰਕ ਹਾਸਲ ਕੀਤੇ ਅਤੇ ਦੱਖਣੀ ਕੋਰੀਆ ਦੀ ਡੇਨ ਜਿਯੁੰਗ ਅਤੇ ਹੰਗਰੀ ਦੀ ਮੀਰਾ ਸੁਸਾਨ ਵਰਗੀਆਂ ਨਿਸ਼ਾਨੇਬਾਜ਼ਾਂ ਨੂੰ ਪਛਾੜਿਆ।

ਸਭ ਤੋਂ ਅਹਿਮ ਗੱਲ ਇਹ ਹੈ ਕਿ ਫਾਈਨਲ ਵਿੱਚ ਪਹੁੰਚਣ ਤੋਂ ਪਹਿਲਾਂ ਕੁਆਲੀਫਿਕੇਸ਼ਨ ਰਾਊਂਡ ਵਿੱਚ ਮਾਹਿਤ ਨੇ ਵਿਸ਼ਵ ਰਿਕਾਰਡ ਦੇ ਨਾਲ-ਨਾਲ ਡੈਫਲੰਪਿਕਸ ਰਿਕਾਰਡ ਵੀ ਤੋੜ ਦਿੱਤੇ। ਮਾਹਿਤ ਨੇ 585 ਅੰਕ ਹਾਸਲ ਕਰਕੇ ਆਪਣਾ ਹੀ ਪਿਛਲਾ 576 ਅੰਕਾਂ ਦਾ ਰਿਕਾਰਡ ਤੋੜਿਆ, ਜੋ ਉਸ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਬਣਾਇਆ ਸੀ।

ਪਰਿਵਾਰ ਮੁਤਾਬਕ ਉਨ੍ਹਾਂ ਨੂੰ ਆਪਣੀ ਧੀ ‘ਤੇ ਬਹੁਤ ਮਾਣ ਹੈ, ਜਿਸ ਨੇ ਨਾ ਸਿਰਫ਼ ਪਰਿਵਾਰ ਤੇ ਇਲਾਕੇ ਦਾ, ਸਗੋਂ ਸਮੁੱਚੇ ਪੰਜਾਬ ਦਾ ਨਾਂ ਦੁਨੀਆ ਭਰ ਵਿੱਚ ਚਮਕਾਇਆ ਹੈ।

Exit mobile version