The Khalas Tv Blog Punjab ਪੰਜਾਬ ਦਾ ਇੱਕ ਪਿੰਡ ਜਿੱਥੇ ਬੱਚੇ ਬਚਪਨ ‘ਚ ਬੁੱਢੇ ਹੋ ਜਾਂਦੇ ਹਨ !
Punjab

ਪੰਜਾਬ ਦਾ ਇੱਕ ਪਿੰਡ ਜਿੱਥੇ ਬੱਚੇ ਬਚਪਨ ‘ਚ ਬੁੱਢੇ ਹੋ ਜਾਂਦੇ ਹਨ !

ਬਿਉਰੋ ਰਿਪੋਟਰ : ਪੰਜਾਬ ਵਿੱਚ ਇੱਕ ਅਜਿਹਾ ਪਿੰਡ ਹੈ ਜਿੱਥੇ ਬੱਚੇ ਜਮਦੇ ਹੀ ਬੁੱਢੇ ਹੋ ਜਾਂਦੇ ਹਨ । ਸੁਣ ਕੇ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ। ਸੂਬੇ ਦੇ ਸਰਹੱਦੀ ਇਲਾਕੇ ਫਾਜ਼ਿਲਕਾ ਦਾ ਦੋਨਾ ਨਾਨਕਾ ਪਿੰਡ ਵਿੱਚ ਕੁਝ ਇਸੇ ਤਰ੍ਹਾਂ ਦੇ ਹਾਲਾਤ ਹਨ। 3 ਤੋਂ 4 ਸਾਲ ਦੇ ਬੱਚਿਆਂ ਦੇ ਵਾਲ ਸਫੇਦ ਹੁੰਦੇ ਜਾ ਰਹੇ ਹਨ । ਨੌਬਤ ਇੱਥੋ ਤੱਕ ਆ ਗਈ ਹੈ ਕਿ ਸਕੂਲ ਭੇਜਣ ਤੋਂ ਪਹਿਲਾਂ ਮਾਪਿਆਂ ਨੂੰ ਬੱਚਿਆਂ ਦੇ ਵਾਲ ਰੰਗਣ ਪੈਂਦੇ ਹਨ । ਇੱਥੇ 6 ਸਾਲ ਦਾ ਬੱਚਾ ਵੀ ਆਪਣੇ ਵਾਲਾਂ ਤੇ ਡਾਈ ਲਗਾਉਂਦਾ ਹੈ । ਇਹ ਕੋਈ ਇੱਕ ਜਾਂ ਫਿਰ 2 ਬੱਚਿਆਂ ਦੀ ਗੱਲ ਨਹੀਂ ਹੈ ਜ਼ਿਆਦਾਤਰ ਬੱਚਿਆਂ ਦਾ ਇਹ ਹੀ ਹਾਲ ਹੈ । ਇਸ ਦਾ ਅਸਰ ਬੱਚਿਆਂ ਦੀ ਪੜਾਈ ‘ਤੇ ਵੀ ਪੈ ਰਿਹਾ ਹੈ ਉਹ ਮਾਨਸਿਕ ਦਬਾਅ ਹੇਠ ਹਨ । ਸਿਰਫ਼ ਇੰਨਾਂ ਹੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਵੀ ਕਈ ਵਾਰ ਆਪਣੀ ਸਪੀਚ ਵਿੱਚ ਫਾਜ਼ਿਲਕਾ ਦੇ ਦੋਨਾ ਨਾਨਕਾ ਪਿੰਡ ਦਾ ਜ਼ਿਕਰ ਕਰ ਚੁੱਕੇ ਹਨ ਅਤੇ ਲੋਕਾਂ ਨੂੰ ਅਗਾਹ ਕਰਦੇ ਹਨ ਕਿ ਤੁਹਾਡੇ ਪਿੰਡ ਵਿੱਚ ਅਜਿਹੇ ਹਾਲਾਤ ਨਾ ਬਣਨ ਇਸ ਲਈ ਸਬਕ ਸਿਖਣ ਦੀ ਜ਼ਰੂਰਤ ਹੈ। ਬੱਚਿਆਂ ਦੇ ਵਾਲ ਚਿੱਟੇ ਕਿਉਂ ਹੋ ਰਹੇ ਹਨ,ਡਾਕਟਰਾਂ ਅਤੇ ਪ੍ਰਸ਼ਾਸਨ ਕੀ ਕਦਮ ਚੁੱਕ ਰਿਹਾ ਹੈ ਅਤੇ ਬੱਚਿਆਂ ਨੂੰ ਇਹ ਮਾਨਸਿਕ ਰੋਗੀ ਕਿਉਂ ਬਣਾ ਰਿਹਾ ਹੈ ਇਸ ਬਾਰੇ ਵੀ ਤੁਹਾਨੂੰ ਦੱਸਾਗੇ ।

ਬੱਚਿਆਂ ਦਾ ਦਰਦ

ਮਿਡਲ ਸਕੂਲ ਵਿੱਚ ਪੜ੍ਹ ਦੇ ਪਿੰਡ ਦੇ ਇੱਕ ਵਿਦਿਆਰਥੀ ਨੇ ਦੱਸਿਆ ਕਿ ਉਹ ਤਿੰਨ ਸਾਲ ਤੋਂ ਸਫੇਦ ਵਾਲਾਂ ਦੀ ਵਜ੍ਹਾ ਕਰਕੇ ਡਾਈ ਲੱਗਾ ਰਿਹਾ ਹੈ । ਬੱਚੇ ਦੀ ਮਾਂ ਦੱਸ ਦੀ ਹੈ ਕਿ ਉਸ ਦੇ ਬੱਚੇ ਦੇ ਵਾਲ ਵੀ ਆਮ ਲੋਕਾਂ ਵਾਂਗ ਕਾਲੇ ਸਨ ਪਰ ਜਦੋਂ ਉਹ 9 ਸਾਲ ਦਾ ਹੋਇਆ ਤਾਂ ਉਹ ਸਫ਼ੇਦ ਹੋਣੇ ਸ਼ੁਰੂ ਹੋ ਗਏ । ਹੁਣ ਜਦੋਂ ਬੱਚਾ ਸਕੂਲ ਜਾਂਦਾ ਹੈ ਤਾਂ ਸਾਥੀ ਵਿਦਿਆਰਥੀ ਉਸ ਨੂੰ ਬੁੱਢਾ ਕਹਿਕੇ ਛੇੜ ਦੇ ਹਨ । ਇਸੇ ਲਈ ਉਸ ਨੇ ਡਾਈ ਲਗਾਉਣੀ ਸ਼ੁਰੂ ਕਰ ਦਿੱਤੀ ਹੈ । ਮਾਂ ਨੇ ਦੱਸਿਆ ਕਿ ਇਸ ਦੀ ਵਜ੍ਹਾ ਕਰਕੇ ਬੱਚੇ ਨੇ ਪਹਿਲਾਂ ਸਕੂਲ ਜਾਣਾ ਬੰਦ ਕਰ ਦਿੱਤਾ ਸੀ ਉਸ ਦੀ ਮਾਨਸਿਕ ਹਾਲਤ ਤੇ ਵੀ ਇਸ ਦਾ ਬੁਰਾ ਅਸਰ ਪਿਆ ਹੈ । ਮਨੋਵਿਗਿਆਨੀ ਡਾਕਟਰ ਵੀ ਇਸ ਨੂੰ ਗੰਭੀਰ ਪਰੇਸ਼ਾਨੀ ਦੱਸ ਦੇ ਹਨ ।

ਇਹ ਹੈ ਪਰੇਸ਼ਾਨੀ ਦੀ ਵਜ੍ਹਾ

ਦਰਅਸਲ ਬੱਚਿਆਂ ਦੇ ਜਿਹੜੇ ਵਾਲ ਸਫ਼ੇਦ ਹੋ ਰਹੇ ਹਨ ਉਸ ਦੇ ਪਿੱਛੇ ਵੱਡੀ ਵਜ੍ਹਾ ਹੈ ਇਲਾਕੇ ਦਾ ਪਾਣੀ। ਦੋਨਾ ਨਾਨਕਾ ਪਿੰਡ ਦੀ ਪੰਚਾਇਤ ਦੇ ਮੈਂਬਰ ਓਮ ਪ੍ਰਕਾਸ਼ ਨੇ ਦੱਸਿਆ ਸਾਡੇ ਇਲਾਕੇ ਦਾ ਪਾਣੀ ਬਹੁਤ ਹੀ ਮਾੜਾ ਹੈ । ਓਮ ਪ੍ਰਕਾਸ਼ ਨੇ ਕਿਹਾ ਅਸੀਂ ਪੀਣ ਲਈ RO ਦੀ ਵਰਤੋਂ ਕਰਦੇ ਹਾਂ ਪਰ ਹੋਰ ਕੰਮਾਂ ਦੇ ਲਈ ਇਸੇ ਪਾਣੀ ਨੂੰ ਵਰਤਨਾ ਪੈਂਦਾ ਹੈ । ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਐੱਮਪੀ ਸਨ ਤਾਂ ਉਨ੍ਹਾਂ ਨੇ ਪਿੰਡ ਦਾ ਦੌਰਾ ਕੀਤਾ ਸੀ ਅਤੇ ਪਿੰਡ ਦੇ ਸਕੂਲਾਂ ਨੂੰ ਮੋਟਰ ਲਈ 50 ਲੱਖ ਰੁਪਏ ਦੀ ਗਰਾਂਟ ਦਿੱਤੀ ਸੀ। ਪੰਚਾਇਤ ਮੈਂਬਰ ਨੇ ਦੱਸਿਆ ਕਿ ਸਤਲੁਜ ਦਾ ਡਰੇਨ ਪਿੰਡ ਦੇ ਨਾਲੋ ਲੱਘਦਾ ਹੈ । ਉਸ ਵਿੱਚ ਦੂਸ਼ਿਤ ਪਾਣੀ ਹੈ । ਅਸੀਂ ਅਪੀਲ ਕੀਤੀ ਕਿ ਪਾਣੀ ਨੂੰ ਟਰੀਟ ਕੀਤਾ ਜਾਵੇ,ਇਸ ਦਾ ਅਸਰ ਸਾਡੀ ਫਸਲਾਂ ਤੇ ਵੀ ਮਾੜਾ ਪੈਂਦਾ ਹੈ,ਪਾਣੀ ਵਿੱਚ ਆਰਸਨਿਕ ਦੀ ਵਜ੍ਹਾ ਫਸਲਾ ਜ਼ਹਿਰੀਲੀਆਂ ਹੁੰਦੀਆਂ ਜਾ ਰਹੀਆਂ ਹਨ ।

ਵਿਸ਼ਵ ਵਾਤਾਵਰਣ ਦਿਹਾੜੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਨਾ ਨਾਨਕਾ ਪਿੰਡ ਦੇ ਬੱਚਿਆਂ ਦਾ ਉਦਾਹਰਣ ਦਿੰਦੇ ਹੋਏ ਕਿਹਾ ਸੀ ਪਾਣੀ ਦੀ ਵਜ੍ਹਾ ਕਰਕੇ ਬੱਚਿਆਂ ਦੇ ਵਾਲ ਸਫੇਦ ਹੁੰਦੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਸੀ ਨੰਗਲ ਵਿੱਚ ਪਾਣੀ ਨੀਲਾ ਹੁੰਦਾ ਹੈ ਅਤੇ ਲੁਧਿਆਣਾ ਪਹੁੰਚ ਦੇ ਪਹੁੰਚ ਦੇ ਉਹ ਕਾਲਾ ਹੋ ਜਾਂਦਾ ਹੈ । ਉਨ੍ਹਾਂ ਨੇ ਦੱਸਿਆ ਕਿ ਸਨਅਤਾਂ ਵੱਲੋਂ ਛੱਡਿਆ ਗੰਦਾ ਪਾਣੀ ਸਤਲੁਜ ਵਿੱਚ ਮਿਲ ਜਾਂਦਾ ਹੈ। ਪਾਕਿਸਤਾਨ ਦੇ ਕੂਸਰ ਖੇਤਰ ਦੇ ਨੇੜੇ ਸਤਲੁਤ ਦਰਿਆ ਦੇ ਕੰਢੇ ਚਮੜੇ ਦੀਆਂ ਫੈਕਟਰੀਆਂ ਦਾ ਪਾਣੀ ਦਰਿਆ ਵਿੱਚ ਮਿਲ ਜਾਂਦਾ ਹੈ ।

ਉਧਰ ਫਾਜ਼ਿਲਕਾ ਦੇ ਐੱਸਡੀਐੱਮ ਰਵਿੰਦਰ ਸਿੰਘ ਮੁਤਾਬਿਕ ਦੋਨਾ ਨਾਨਕਾ ਪਿੰਡ ਵਿੱਚ 27 ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਏ ਗਏ ਹਨ ਅਤੇ ਵਾਟਰ ਟ੍ਰੀਟਮੈਂਟ ਪ੍ਰੋਜੈਕਟ ਦੇ 2 ਪਲਾਂਟ ਵੀ ਮਨਜ਼ੂਰ ਹਨ ਅਤੇ ਜਲਦ ਇਸ ‘ਤੇ ਕੰਮ ਸ਼ੁਰੂ ਹੋਵੇਗਾ ।

ਮੈਡੀਕਲ ਮਾਹਿਰਾ ਦਾ ਤਰਤ

ਡਾਕਟਰਾਂ ਦਾ ਕਹਿਣਾ ਹੈ ਕਿ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਮਰੀਜ਼ ਪੌਜ਼ੀਟਿਵ ਆਉਂਦੇ ਹਨ । ਅਸੀਂ ਪਿੰਡ ਦੇ ਬੱਚਿਆਂ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਹਾਂ । ਬੱਚਿਆਂ ਵਿੱਚ ਖਣਿਜ ਅਤੇ ਵਿਟਾਮਿਨ ਦੀ ਕਮੀ ਉਨ੍ਹਾਂ ਦੇ ਸਫੇਦ ਵਾਲਾਂ ਦਾ ਇੱਕ ਸੰਭਾਵੀ ਕਾਰਨ ਹੋ ਸਕਦਾ ਹੈ । ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਬੱਚਿਆਂ ਦੀ ਸਿਹਤ ਕੇਂਦਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸਫੇਦ ਵਾਲ ਦੀ ਵੱਡੀ ਵਜ੍ਹਾ ਹੈ ਪਾਣੀ ਵਿੱਚ ਭਾਰੀ ਧਾਤਾਂ ਦਾ ਵੱਡੀ ਮਾਤਰਾ ਵਿੱਚ ਮੌਜੂਦ ਹੋਣਾ ਹੈ,ਜਿਸ ਕਾਰਨ ਲੋਕਾਂ ਨੂੰ ਭਿਆਨਕ ਬਿਮਾਰੀਆਂ ਹੋ ਰਹੀਆਂ ਹਨ । ਮਾਹਿਰਾ ਨੇ ਕਿਹਾ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਨਾਲ ਜ਼ਮੀਨੀ ਪਾਣੀ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ । ਚਮੜੀ ਦੇ ਰੋਗਾਂ ਦਾ ਵੱਡਾ ਕਾਰਨ ਪਾਣੀ ਵਿੱਚ ਆਰਸੈਨਿਕ ਦਾ ਹੋਣਾ ਹੈ ਅਤੇ ਇਸੇ ਲਈ ਇਸ ਦੇ ਇਲਾਜ ਲਈ ਵਰਤੀ ਜਾਂਦੀਆਂ ਦਵਾਈਆਂ ਨਾਲ ਲੋਕਾਂ ਨੂੰ ਗੁਰਦੇ ਨਾਲ ਸਬੰਧਤ ਪਰੇਸ਼ਾਨੀਆਂ ਹੁੰਦੀਆਂ ਹਨ। 2020-21 ਦੀ ਰਿਪੋਰਟ ਦੇ ਮੁਤਾਬਿਕ ਫ਼ਾਜ਼ਿਲਕਾ ਦੇ ਪਾਣੀ ਵਿੱਚ ਯੂਰੇਨੀਅਰ ਦੀ ਕਾਫੀ ਮਾਰਤਾ ਵੇਖਣ ਨੂੰ ਮਿਲੀ ਹੈ ।

Exit mobile version