The Khalas Tv Blog Punjab ਬਠਿੰਡਾ ’ਚ ਪਿਓ-ਪੁੱਤ ਦਾ ਕਤਲ, ਔਰਤ ਜ਼ਖਮੀ! ਨਸ਼ੇੜੀ ਮੁੰਡਿਆਂ ਨੇ ਪਰਿਵਾਰ ’ਤੇ ਕੀਤਾ ਹਮਲਾ, ਪਾਲਤੂ ਕੁੱਤੇ ਨੂੰ ਲੈ ਕੇ ਹੋਇਆ ਝਗੜਾ
Punjab

ਬਠਿੰਡਾ ’ਚ ਪਿਓ-ਪੁੱਤ ਦਾ ਕਤਲ, ਔਰਤ ਜ਼ਖਮੀ! ਨਸ਼ੇੜੀ ਮੁੰਡਿਆਂ ਨੇ ਪਰਿਵਾਰ ’ਤੇ ਕੀਤਾ ਹਮਲਾ, ਪਾਲਤੂ ਕੁੱਤੇ ਨੂੰ ਲੈ ਕੇ ਹੋਇਆ ਝਗੜਾ

ਬਿਉਰੋ ਰਿਪੋਰਟ: ਤਲਵੰਡੀ ਸਾਬੋਂ ਵਿੱਚ ਦੋਹਰੇ ਕਤਲ ਦੀ ਖ਼ਬਰ ਸਾਹਮਣੇ ਆਈ ਹੈ। ਦੇਰ ਰਾਤ ਅੱਧੀ ਦਰਜਨ ਦੇ ਕਰੀਬ ਨਸ਼ੇ ’ਚ ਧੁੱਤ ਬਦਮਾਸ਼ਾਂ ਨੇ ਪੁੱਤਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੇਟ ’ਤੇ ਬੁਲਾ ਕੇ ਉਸ ਦੀ ਕੁੱਟਮਾਰ ਕਰ ਦਿੱਤੀ। ਉਸ ਨੂੰ ਬਚਾਉਣ ਆਏ ਪਿਤਾ ਦਾ ਵੀ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਘਰ ’ਚ ਮੌਜੂਦ ਮਾਂ ’ਤੇ ਵੀ ਹਮਲਾ ਕਰਕੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ। ਇਹ ਸਾਰਾ ਝਗੜਾ ਇੱਕ ਘਰੇਲੂ ਕੁੱਤੇ ਨੂੰ ਲੈ ਕੇ ਹੋਇਆ। ਪੁਲਿਸ ਨੇ ਲਾਸ਼ਾਂ ਕਬਜ਼ੇ ’ਚ ਲੈ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਪਿਓ-ਪੁੱਤ ਦੀ ਪਛਾਣ ਮੰਦਰ ਸਿੰਘ (55) ਅਤੇ ਅਮਰੀਕ ਸਿੰਘ (32) ਵਾਸੀ ਜੀਵਨ ਸਿੰਘ ਪਿੰਡ ਤਲਵੰਡੀ ਸਾਬੋਂ ਵਜੋਂ ਹੋਈ ਹੈ। ਘਟਨਾ ਰਾਤ 9.30 ਵਜੇ ਦੀ ਹੈ। ਪਿੰਡ ਦੇ ਦੋ ਨਸ਼ੇੜੀ ਨੌਜਵਾਨ ਮੰਦਰ ਸਿੰਘ ਦੇ ਘਰ ਦੇ ਬਾਹਰ ਪੁੱਜੇ ਅਤੇ ਉਸ ਦੇ ਲੜਕੇ ਅਮਰੀਕ ਸਿੰਘ ਨੂੰ ਬਾਹਰ ਆਉਣ ਲਈ ਕਿਹਾ। ਦੋਵਾਂ ਮੁਲਜ਼ਮਾਂ ਦੇ ਨਾਲ ਚਾਰ ਹੋਰ ਵੀ ਤਿਆਰ ਬੈਠੇ ਸਨ। ਜਦੋਂ ਤਿੰਨਾਂ ਵਿਚਾਲੇ ਬਹਿਸ ਹੋ ਗਈ ਤਾਂ ਨਸ਼ੇੜੀ ਨੌਜਵਾਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਮਰੀਕ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਹ ਦੇਖ ਕੇ ਮੰਦਰ ਸਿੰਘ ਆਪਣੇ ਪੁੱਤਰ ਨੂੰ ਬਚਾਉਣ ਲਈ ਬਾਹਰ ਨਿਕਲਿਆ ਪਰ ਨਸ਼ੇੜੀ ਨੌਜਵਾਨਾਂ ਨੇ ਉਸ ਨੂੰ ਵੀ ਵੱਢ ਦਿੱਤਾ।

ਘਟਨਾ ਨੂੰ ਦੇਖ ਕੇ ਮੰਦਰ ਸਿੰਘ ਦੀ ਪਤਨੀ ਦਰਸ਼ਨ ਕੌਰ ਵੀ ਬਾਹਰ ਆ ਗਈ ਪਰ ਮੁਲਜ਼ਮਾਂ ਨੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ। ਦਰਸ਼ਨ ਕੌਰ ਨੂੰ ਸਥਾਨਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਕੁੱਤੇ ਨੂੰ ਲੈ ਕੇ ਹੋਇਆ ਵਿਵਾਦ

ਹਾਸਲ ਜਾਣਕਾਰੀ ਅਨੁਸਾਰ ਇਹ ਸਾਰਾ ਝਗੜਾ ਪਾਲਤੂ ਕੁੱਤੇ ਨੂੰ ਲੈ ਕੇ ਹੋਇਆ। ਦਰਅਸਲ ਅਮਰੀਕ ਸਿੰਘ ਪਿੰਡ ਤੋਂ ਕੁੱਤਾ ਘਰ ਲੈ ਕੇ ਆਇਆ ਸੀ। ਉਸ ਨੇ ਸੋਚਿਆ ਕਿ ਕੁੱਤਾ ਆਵਾਰਾ ਸੀ। ਪਰ ਇਹ ਕੁੱਤਾ ਮੁਲਜ਼ਮ ਨੌਜਵਾਨਾਂ ਦਾ ਸੀ। ਗੁੱਸੇ ’ਚ ਆਏ ਨੌਜਵਾਨ ਰਾਤ ਨੂੰ ਅਮਰੀਕ ਸਿੰਘ ਦੀ ਤਲਾਸ਼ ’ਚ ਉਸ ਦੇ ਘਰ ਪਹੁੰਚੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ।

ਘਟਨਾ ਤੋਂ ਬਾਅਦ ਦੇਰ ਰਾਤ ਪੁਲਿਸ ਮੌਕੇ ’ਤੇ ਪਹੁੰਚ ਗਈ। ਬਠਿੰਡਾ ਦੇ ਡੀਐਸਪੀ ਈਸ਼ਾਨ ਸਿੰਗਲਾ ਮੌਕੇ ’ਤੇ ਪੁੱਜੇ। ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਮੁਲਜ਼ਮ ਨੌਜਵਾਨਾਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

Exit mobile version