ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੇ ਸੂਬੇ ਦੀ ਨੌਜਵਾਨੀ ਨੂੰ ਤਬਾਹ ਕਰ ਦਿੱਤਾ ਹੈ। ਪੰਜਾਬ ਵਿੱਚ ਨਸ਼ਾ ਸਰਾਪ(Drug overdose death) ਬਣਿਆ ਹੋਇਆ ਹੈ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਆਪਣੇ ਜਾਲ ’ਚ ਜਕੜਿਆ ਹੋਇਆ ਹੈ। ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਮੌਤਾਂ ਦੀ ਗਿਣਤੀ ਲਗਾਤਰ ਵੱਧ ਰਹੀ ਹੈ। ਨਸ਼ੇ ਕਾਰਨ ਲੋਕਾਂ ਦੇ ਘਰ ਉਜੜ ਰਹੇ ਹਨ, ਇਸ ਦੌਰਾਨ ਬਨੂੜ ਵਾਰਡ ਨੰ: 1 ਹਵੇਲੀ ਬਸੀ ਦੇ 27 ਸਾਲਾ ਨੌਜਵਾਨ ਸੰਦੀਪ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ।
ਉਸ ਦੀ ਲਾਸ਼ ਦੇਰ ਸ਼ਾਮ ਮਾਣਕਪੁਰ ਕੱਲਰ ਦੇ ਸਮਸ਼ਾਨ ਘਾਟ ’ਚੋਂ ਮਿਲੀ। ਇਸ ਤੋਂ ਦੋ ਦਿਨ ਪਹਿਲਾਂ 9 ਫ਼ਰਵਰੀ ਨੂੰ ਨੱਗਲ ਸਲੇਮਪੁਰ ਦੇ 17 ਸਾਲਾ ਨੌਜਵਾਨ ਬਲਵਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ।
ਇਨ੍ਹਾਂ ਦੋਵੇਂ ਨੌਜਵਾਨਾਂ ਦੀ ਮੌਤਾਂ ਤੋਂ ਚਿੰਤਤ ਇਲਾਕੇ ਦੇ ਮੋਹਤਬਰ ਵਿਆਕਤੀਆਂ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਨਸ਼ਿਆ ਵਿਰੁਧ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਮ੍ਰਿਤਕ ਸੰਦੀਪ ਸਿੰਘ ਦੇ ਪਿਤਾ ਟਹਿਲ ਸਿੰਘ ਨੇ ਦਸਿਆ ਕਿ ਉਹ ਕੱਲ ਸਵੇਰੇ ਘਰ ਤੋਂ ਕੰਮ ਤੇ ਗਿਆ ਸੀ, ਪਰ ਦੇਰ ਸ਼ਾਮ ਤਕ ਘਰ ਨਹੀ ਪਰਤਿਆ।
ਦੇਰ ਸ਼ਾਮ ਏਰੋਸਿਟੀ ਥਾਣੇ ਤੋਂ ਪੁਲਿਸ ਦਾ ਫ਼ੋਨ ਆਇਆ ਤੇ ਕਿਹਾ ਕਿ ਉਨਾਂ ਦੇ ਲੜਕੇ ਦੀ ਲਾਸ਼ ਮਾਣਕਪੁਰ ਕੱਲਰ ਦੇ ਸਮਸ਼ਾਨ ਘਾਟ ਵਿਚ ਪਈ ਸੀ ਤੇ ਉਸ ਨੂੰ ਸਿਵਲ ਹਸਪਤਾਲ ਫ਼ੇਸ-6 ਮੁਹਾਲੀ ਵਿਖੇ ਲਿਆਂਦਾ ਗਿਆ ਹੈ। ਸੰਦੀਪ ਸਿੰਘ ਅਪਣੇ ਮਾਪਿਆ ਦਾ ਇੱਕਲੌਤਾ ਪੁੱਤਰ ਸੀ ਤੇ ਡੇਢ ਸਾਲਾ ਬੱਚੀ ਦਾ ਪਿਤਾ ਸੀ।