Amritsar News : ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਅੱਜ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲੇ ਅਤੇ ਉਨ੍ਹਾਂ ਨੂੰ ਇਕ ਪੱਤਰ ਸੌਂਪਿਆ। ਇਸ ਪੱਤਰ ਵਿਚ ਉਨ੍ਹਾਂ ਮੰਗ ਕੀਤੀ ਕਿ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੇ ਮਾਮਲੇ ਵਿਚ ਪਹਿਲਾਂ ਗੁਰੂ ਪੰਥ ਦਾ ਇਕ ਨੁਮਾਇੰਦਿਆਂ ਦਾ ਇਕੱਠ ਬੁਲਾਇਆ ਜਾਵੇ ਅਤੇ ਸੁਖਬੀਰ ਸਿੰਘ ਬਾਦਲ ਮਾਮਲੇ ਵਿੱਚ ਬਿਨਾਂ ਕਿਸੇ ਦਬਾਅ ਦੇ ਫੈਸਲਾ ਲੈਣ ਦੀ ਅਪੀਲ ਕੀਤੀ ਹੈ।
ਅਕਾਲੀ ਦਲ ਨੂੰ ਸੁਰਜੀਤ ਕਰਨ ਲਈ ਤਾਲਮੇਲ ਕਮੇਟੀ ਦਾ ਗਠਨ ਕੀਤਾ ਜਾਵੇ ਅਤੇ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ-ਏ- ਕੌਮ ਸਨਮਾਨ ਵਾਪਸ ਲਿਆ ਜਾਵੇ।
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸੁਖਬੀਰ ਬਾਦਲ ਦੇ ਮਸਲੇ ਤੇ ਅੱਜ ਜਥੇਦਾਰ ਸਾਹਿਬ ਨੂੰ ਮਿਲ ਕੇ ਆਏ ਹਾਂ ਅਤੇ ਅਪੀਲ ਕਰਕੇ ਆਏ ਹਾਂ ਕਿ ਉਹ ਨਿਰਪੱਖ ਹੋ ਕੇ ਅਤੇ ਬਿਨਾਂ ਕਿਸੇ ਦਬਾਅ ਤੇ ਸੁਖਬੀਰ ਬਾਦਲ ਅਤੇ ਉਹਨਾਂ ਦੀ ਲੀਡਰਸ਼ਿਪ ਨੂੰ ਸਜ਼ਾ ਲਗਾਉਣ।
ਤਰਸੇਮ ਸਿੰਘ ਨੇ ਕਿਹਾ ਕਿ ਅਕਾਲੀਆਂ ਵੱਲੋਂ ਜਥੇਦਾਰਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਗਲਤ ਗੱਲ ਹੈ। ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਜਥੇਦਾਰ ਸਾਹਿਬ ਨੂੰ ਫੈਸਲਾ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਜਥੇਦਾਰ ਸਾਹਿਬ ਨੂੰ ਕਿਹਾ ਹੈ ਕਿ ਕਿਸੇ ਦਬਾਅ ਹੇਠ ਆ ਕੇ ਕੋਈ ਅਜਿਹਾ ਫੈਸਲਾ ਨਾ ਲੈਣਾ ਜੋ ਸਿੱਖ ਕੌਮ ਨੂੰ ਪ੍ਰਵਾਨ ਨਾ ਹੋਵੇ।
ਬਿਨਾਂ ਕਿਸੇ ਦਬਾਅ ਦੇ ਫੈਸਲਾ ਲਓ : ਖਾਲਸਾ
ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਅੱਜ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਅਤੇ ਜਥੇਦਾਰ ਸਿੰਘ ਸਾਹਿਬ ਜੀ ਨਾਲ ਮੁਲਾਕਾਤ ਕੀਤੀ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜਥੇਦਾਰ ਸਾਹਿਬਾਨ ਦੇ ਬੱਚਿਆਂ ਦੀ ਰੇਕੀ ਕੀਤੀ ਜਾ ਰਹੀ ਹੈ। ਉਹ ਇਸ ਮੁੱਦੇ ਨੂੰ ਲੈ ਕੇ ਜਥੇਦਾਰ ਜੀ ਨੂੰ ਮਿਲਣ ਆਏ ਹਨ। ਉਸ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਸਮੁੱਚਾ ਪੰਥ ਅਤੇ ਸਮੂਹ ਲੋਕ ਉਸ ਦੇ ਨਾਲ ਹਨ। ਉਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ‘ਤੇ ਬਿਨਾਂ ਕਿਸੇ ਦਬਾਅ ਦੇ ਫੈਸਲਾ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਥ ਦਾ ਸਭ ਤੋਂ ਵੱਧ ਨੁਕਸਾਨ ਉਸ ਸਮੇਂ ਹੋਇਆ ਜਦੋਂ ਅਕਾਲੀ ਦਲ ਅਤੇ ਭਾਜਪਾ ਇਕੱਠੇ ਸਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਜਥੇਦਾਰ ਸਾਹਿਬ ‘ਤੇ ਦਬਾਅ ਪਾਉਣਾ ਚਾਹੁੰਦਾ ਹੈ ਤਾਂ ਅਜਿਹਾ ਨਾ ਕਰੇ। ਉਨ੍ਹਾਂ ਨੂੰ ਡਰਾਇਆ ਨਹੀਂ ਜਾਣਾ ਚਾਹੀਦਾ ਕਿਉਂਕਿ ਸਮੁੱਚਾ ਸਿੱਖ ਪੰਥ ਉਨ੍ਹਾਂ ਦੇ ਨਾਲ ਹੈ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹਾ ਰਹੇਗਾ।