The Khalas Tv Blog Punjab ਭਿਆਨਕ ਸੜਕ ਹਾਦਸੇ ’ਚ ਪਿਓ-ਪੁੱਤਰ ਦੀ ਮੌਤ! ਮੋਟਰ ਸਾਈਕਲ ਨੂੰ ਕਾਰ ਨੇ ਮਾਰੀ ਟੱਕਰ
Punjab

ਭਿਆਨਕ ਸੜਕ ਹਾਦਸੇ ’ਚ ਪਿਓ-ਪੁੱਤਰ ਦੀ ਮੌਤ! ਮੋਟਰ ਸਾਈਕਲ ਨੂੰ ਕਾਰ ਨੇ ਮਾਰੀ ਟੱਕਰ

ਮੋਗਾ: ਜ਼ਿਲ੍ਹਾ ਮੋਗਾ ਦੇ ਬੁੱਗੀਪੁਰਾ ਰੋਡ ’ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਪਿਓ-ਪੁੱਤ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਪਿਓ-ਪੁੱਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਚਾਲਕ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਿਓ-ਪੁੱਤ ਆਪਣੇ ਪਿੰਡ ਮਹਿਰੋ ਤੋਂ ਮੋਗਾ ਸ਼ਹਿਰ ਵੱਲ ਆ ਰਹੇ ਸਨ। ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਪਿਓ-ਪੁੱਤ ਨੂੰ ਹਸਪਤਾਲ ਪਹੁੰਚਾਇਆ। ਫਿਲਹਾਲ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਸਮਾਜ ਸੇਵੀ ਸੁਸਾਇਟੀ ਦੇ ਮੈਂਬਰ ਗੁਰਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੁੱਗੀਪੁਰਾ ਰੋਡ ’ਤੇ ਹਾਦਸਾ ਵਾਪਰ ਗਿਆ ਹੈ। ਜਿਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਉੱਥੇ ਜਾ ਕੇ ਉਨ੍ਹਾਂ ਦੇਖਿਆ ਕਿ ਇੱਕ ਕਾਰ ਨੇ ਬਾਈਕ ਸਵਾਰ ਪਿਉ-ਪੁੱਤ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਲੈ ਕੇ ਭੱਜ ਗਏ।

ਜਦੋਂ ਉਹ ਦੋਵਾਂ ਜ਼ਖ਼ਮੀਆਂ ਨੂੰ ਹਸਪਤਾਲ ਲੈ ਕੇ ਆਏ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਨ੍ਹਾਂ ਦੀ ਪਛਾਣ 32 ਸਾਲਾ ਹਰਪ੍ਰੀਤ ਸਿੰਘ ਅਤੇ 58 ਸਾਲਾ ਬੂਟਾ ਸਿੰਘ ਵਾਸੀ ਪਿੰਡ ਮਹਿਰੋ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।

Exit mobile version