The Khalas Tv Blog India ਦਿੱਲੀ ਸਰਕਾਰ ਨੇ ਪਰਾਲੀ ਨਾ ਸਾੜਨ ਦਾ ਕੱਢਿਆ ਬਦਲ, ਕਿਸਾਨਾਂ ਨੂੰ ਮਿਲੇਗੀ ਖਾਸ ਦਵਾਈ
India

ਦਿੱਲੀ ਸਰਕਾਰ ਨੇ ਪਰਾਲੀ ਨਾ ਸਾੜਨ ਦਾ ਕੱਢਿਆ ਬਦਲ, ਕਿਸਾਨਾਂ ਨੂੰ ਮਿਲੇਗੀ ਖਾਸ ਦਵਾਈ

‘ਦ ਖ਼ਾਲਸ ਬਿਊਰੋ:- ਸਰਕਾਰ ਤੇ ਪ੍ਰਸ਼ਾਸਨ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ‘ਤੇ ਕਾਬੂ ਪਾਉਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਦਿੱਲੀ ਸਰਕਾਰ ਨੇ ਪੂਸਾ ਦੇ ਵਿਗਿਆਨੀਆਂ ਨਾਲ ਮਿਲ ਕੇ ਅਜਿਹੀ ਦਵਾਈ ਤਿਆਰ ਕੀਤੀ ਹੈ ਜੋ ਸਿਰਫ 15 ਦਿਨ ‘ਚ ਪਰਾਲੀ ਨੂੰ ਖਾਦ ‘ਚ ਬਦਲ ਦੇਵੇਗੀ।  ਇਸ ਨਾਲ ਜ਼ਮੀਨ ਨੂੰ ਵੀ ਫਾਇਦਾ ਹੋਵੇਗਾ ਤੇ ਫਸਲਾਂ ਦਾ ਝਾੜ ਵੀ ਵਧੇਗਾ। ਇਸ ਦੇ ਨਾਲ ਹੀ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੇਗੀ। ਜਾਣਕਾਰੀ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੂਸਾ ਦੇ ਵਿਗਿਆਨੀਆਂ ਦੀ ਤਿਆਰ ਇਸ ਦਵਾਈ ਦਾ ਨਿਰੀਖਣ ਕੀਤਾ ਹੈ।

ਗੁੜ ਤੇ ਵੇਸਣ ਦੇ ਘੋਲ ਤੋਂ ਤਿਆਰ ਇਸ ਦਵਾਈ ਨੂੰ ਪਰਾਲੀ ‘ਤੇ ਛਿੜਕਣ ਤੋਂ ਬਾਅਦ ਪਰਾਲੀ ਸੜਨੀ ਸ਼ੁਰੂ ਹੋ ਜਾਵੇਗੀ। ਚਾਰ ਕੈਪਸੂਲ ਦਵਾਈ ਦੀ ਕੀਮਤ 20 ਰੁਪਏ ਹੋਵੇਗੀ ਜਿਸ ਤੋਂ 25 ਲੀਟਰ ਰਸਾਇਣਿਕ ਘੋਲ ਤਿਆਰ ਹੋਵੇਗਾ। ਇਹ ਘੋਲ ਪਰਾਲੀ ‘ਤੇ ਛਿੜਕਿਆ ਜਾਵੇਗਾ। ਦਿੱਲੀ ਦੇ ਕਿਸਾਨਾਂ ਲਈ ਦਵਾਈ ਮੁਫਤ ਉਪਲਬਧ ਕਰਾਈ ਜਾਵੇਗੀ। ਦਵਾਈ ਦਾ ਛਿੜਕਾਅ ਕਰਨ ਲਈ ਮਸ਼ੀਨਾਂ ਵੀ ਮੁਫਤ ‘ਚ ਮੁਹੱਈਆ ਕਰਾਉਣ ਲਈ ਕਿਹਾ ਗਿਆ ਹੈ।

ਦਿੱਲੀ ‘ਚ ਖੇਤੀ ਰਕਬਾ ਘੱਟ ਹੋਣ ਕਾਰਨ ਪੂਰੀ ਯੋਜਨਾ ‘ਤੇ ਸਿਰਫ 20 ਲੱਖ ਰੁਪਏ ਲਾਗਤ ਆਉਣ ਦਾ ਅੰਦਾਜ਼ਾ ਲਾਇਆ ਗਿਆ ਹੈ। ਇਸ ਦਵਾਈ ਦਾ ਉਤਪਾਦਨ ਪੰਜ ਅਕਤੂਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਪੰਜ ਅਕਤੂਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪ੍ਰਦੂਸ਼ਣ ਵਿਰੁੱਧ ਇੱਕ ਅਭਿਆਨ ਦੀ ਸ਼ੁਰੂਆਤ ਕਰਨਗੇ।

Exit mobile version