The Khalas Tv Blog Punjab ਕਿਸਾਨਾਂ ਨੂੰ ਨਹੀਂ ਕਰਨ ਦਿੱਤਾ ਦਿੱਲੀ ਕੂਚ!
Punjab

ਕਿਸਾਨਾਂ ਨੂੰ ਨਹੀਂ ਕਰਨ ਦਿੱਤਾ ਦਿੱਲੀ ਕੂਚ!

ਬਿਉਰੋ ਰਿਪੋਰਟ – ਸ਼ੰਭੂ ਅਤੇ ਖਨੌਰੀ ਬਾਰਡਰ ਤੇ ਧਰਨੇ ਤੇ ਬੈਠੇ ਕਿਸਾਨਾਂ ਵੱਲੋਂ ਅੱਜ ਫਿਰ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਦਿੱਲੀ ਕੂਚ ਨਹੀਂ ਕਰਨ ਦਿੱਤਾ। ਹਰਿਆਣਾ ਪੁਲਿਸ ਅਤੇ ਵੱਖ ਵੱਖ ਤਰ੍ਹਾਂ ਦੇ ਨੀਮ ਫੌਜੀ ਬਲਾਂ ਵੱਲੋਂ ਪੈਲੇਟ ਬੰਬ, ਅੱਥਰੂ ਗੈਸ ਅਤੇ ਕੇਮਿਕਲਯੁਕਤ ਮਿਰਚਾਂ ਦੀ ਸਪਰੇਅ ਵਰਤ ਕੇ ਜ਼ਬਰ ਕਰਦੇ ਹੋਏ ਅੱਗੇ ਵਧਣ ਤੋਂ ਰੋਕਿਆ ਗਿਆ। ਦੁਪਹਿਰ 12 ਵਜੇ ਪੈਦਲ ਚੱਲ ਕੇ ਕਿਸਾਨ ਮਜਦੂਰ ਬਰਿਕੇਡਾਂ ਤੇ ਪਹੁੰਚਣ ਤੇ ਪੁਲਿਸ ਵੱਲੋਂ ਤਾਬੜਤੋੜ ਹਮਲਾ ਕਰਨ ਨਾਲ 6 ਕਿਸਾਨ, ਰੇਸ਼ਮ ਸਿੰਘ ਭਗਤਾ ਭਾਈ, ਮੇਜਰ ਸਿੰਘ ਢੰਡ ਕਸੇਲ, ਦਿਲਬਾਗ ਸਿੰਘ ਗਿੱਲ, ਕਰਨੈਲ ਸਿੰਘ ਲੰਗ, ਹਰਭਜਨ ਸਿੰਘ ਵੈਰੋ ਨੰਗਲ, ਕੁਲਵਿੰਦਰ ਸਿੰਘ ਅਟਵਾਲ, ਫੱਟੜ ਹੋ ਗਏ ਜਿੰਨਾ ਵਿੱਚੋਂ 4 ਦੀ ਹਾਲਤ ਗੰਭੀਰ ਹੈ ਅਤੇ 1 ਕਿਸਾਨ ਨੂੰ ਪੀ ਜੀ ਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ।

ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਖਨੋਰੀ ਬਾਡਰ ‘ਤੇ ਮਰਨ ਵਰਤ ਤੇ ਬੈਠੇ ਸੀਨੀਅਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਵਿਚ ਗਿਰਾਵਟ ਆ ਰਹੀ ਹੈ ਪਰ ਉਹਨਾਂ ਦੇ ਹੌਂਸਲੇ ਬੁਲੰਦ ਹਨ। ਆਗੂਆਂ ਕਿਹਾ ਕਿ ਅਗਰ ਉਹਨਾਂ ਦੀ ਜਾਨ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਇਹ ਕੇਂਦਰ ਸਰਕਾਰ ਨੂੰ ਮਹਿੰਗਾ ਪਵੇਗਾ। ਉਹਨਾਂ ਦੱਸਿਆ ਕਿ ਅੱਜ ਅੰਮ੍ਰਿਤਸਰ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਆਉਣ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਦਿੱਲੀ ਅੰਦੋਲਨ ਤੇ ਕੀਤੇ ਜਾ ਰਹੇ ਤਸ਼ੱਦਦ ਦੇ ਰੋਸ ਜ਼ਾਹਿਰ ਕਰਦੇ ਹੋਏ ਵਿਰੋਧ ਕੀਤਾ ਗਿਆ, ਜਿਸ ਦੌਰਾਨ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਖ਼ਬਰ ਲਿਖੇ ਜਾਣ ਤੱਕ ਗ੍ਰਿਫਤਾਰ ਕਿਸਾਨਾਂ ਨੂੰ ਥਾਣਾ ਛੇਹਰਟਾ ਥਾਣਾ ਵਿੱਚ ਨਜ਼ਰਬੰਦ ਕਰਕੇ ਰੱਖਿਆ ਗਿਆ ਸੀ। ਆਗੂਆਂ ਕਿਹਾ ਕਿ ਜਿੰਨੀ ਦੇਰ ਕੇਂਦਰ ਸਰਕਾਰ ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਦਾ ਸਾਰਥਕ ਹੱਲ ਨਹੀਂ ਕਢਦੀ ਇਹ ਸੰਘਰਸ਼ ਓਨੀ ਦੇਰ ਤੱਕ ਜ਼ਾਰੀ ਰਹੇਗਾ ਅਤੇ ਇਹ ਮਰਜੀਵੜਿਆਂ ਦੇ ਜਥੇ ਖਾਲੀ ਹੱਥ ਅਤੇ ਨੰਗੇ ਪਿੰਡੇ ਸਰਕਾਰੀ ਜ਼ਬਰ ਸਹਿੰਦੇ ਰਹਿਣਗੇ। ਉਹਨਾਂ ਕਿਹਾ ਕਿ ਸਰਕਾਰ ਦੀ ਇਸ ਕਾਰਵਾਈ ਨੇ ਵਾਧਿਓ ਭੱਜ ਚੁੱਕੀ ਸਰਕਾਰ ਦਾ ਤਾਨਾਸ਼ਾਹੀ ਚਿਹਰਾ ਨੰਗਾ ਕੀਤਾ ਹੈ।

ਇਹ ਵੀ ਪੜ੍ਹੋ – ਚੌੜਾ ਦਾ ਫਿਰ ਵਧਿਆ ਰਿਮਾਂਡ!

 

Exit mobile version