‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਵੱਡੀ ਗਿਣਤੀ ਪੰਜਾਬੀ ਚਾਹੇ ਆਪਣਾ ਘਰ ਛੱਡ ਕੇ ਵਿਦੇਸ਼ਾਂ ਵਿੱਚ ਜਾ ਵੱਸੇ ਹਨ ਪਰ ਉਹ ਆਪਣੀ ਧਰਤੀ ਨਾਲੋਂ ਟੁੱਟ ਨਹੀਂ ਸਕੇ। ਉਹ ਸੱਤ ਸਮੁੰਦਰ ਪਾਰ ਬੈਠ ਕੇ ਵੀ ਆਪਣੇ ਇੱਧਰ ਬਾਰੇ ਚਿੰਤਤ ਰਹਿੰਦੇ ਹਨ। ਤਿੰਨ ਖੇਤੀ ਕਾਨੂੰਨਾਂ ਬਾਰੇ ਜਿਵੇਂ ਉਨ੍ਹਾਂ ਨੇ ਫਿਕਰਮੰਦੀ ਕੀਤੀ । ਜਿਸ ਤਰ੍ਹਾਂ ਉਨ੍ਹਾਂ ਨੇ ਹਮਾਇਤ ਦਿੱਤੀ, ਅਸਲ ਵਿੱਚ ਪ੍ਰਵਾਸੀ ਭਾਰਤੀਆਂ ਦਾ ਮੋਹ ਜਿੱਤ ਦਾ ਅਟੁੱਟ ਅੰਗ ਬਣਿਆ ਹੈ। ਕਿਸਾਨ ਅੰਦੋਲਨ ਦੀ ਫਤਿਹ ਵਿੱਚੋਂ ਪ੍ਰਵਾਸੀਆਂ ਦੀ ਦੇਣ ਨੂੰ ਮਨਫੀ ਕਰਕੇ ਨਹੀਂ ਵੇਖਿਆ ਜਾ ਸਕਦਾ। ਪ੍ਰਵਾਸੀਆਂ ਦੀ ਮਾਇਕ, ਨਿੱਜੀ ਅਤੇ ਸਦਭਾਵਨਾ ਦੀ ਮਦਦ ਨੇ ਕਿਸਾਨ ਅੰਦੋਲਨ ਨੂੰ ਵੱਡਾ ਬਲ ਦਿੱਤਾ।
ਇੱਕ ਅੰਦਾਜ਼ੇ ਮੁਤਾਬਕ ਵਿਦੇਸ਼ਾਂ ਵਿੱਚ ਵੱਸਦੇ ਭਾਰਤੀਆਂ ਦੀ ਗਿਣਤੀ ਦੋ ਕਰੋੜ ਦੇ ਕਰੀਬ ਦੱਸੀ ਜਾਂਦੀ ਹੈ। ਜਿਸ ਮੁਲਕ ਵਿੱਚ ਵੀ ਉਹ ਟਿਕੇ ਹੋਏ ਹਨ, ਉਨ੍ਹਾਂ ਨੇ ਉੱਥੇ ਖੜ ਕੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਈ। ਪ੍ਰਵਾਸ ਵਾਲੇ ਮੁਲਕਾਂ ਵਿਚਲੇ ਭਾਰਤੀ ਹਾਈ ਕਮਿਸ਼ਨਰਾਂ ਜਾਂ ਰਾਜਦੂਤਾਂ ਨੂੰ ਚਿੱਠੀਆਂ ਲਿਖ ਲਿਖ ਕੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦੇ ਰਹੇ। ਉਨ੍ਹਾਂ ਨੇ ਆਪਣੇ ਦੇਸ਼ ਦੀਆਂ ਸਰਕਾਰਾਂ ਉੱਤੇ ਲਗਾਤਾਰ ਦਬਾਅ ਪਾਈ ਰੱਖਿਆ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਲੂਣਾ ਦਿੰਦੇ ਰਹਿਣ। ਉਨ੍ਹਾਂ ਨੇ ਭਾਰਤੀ ਹਾਈ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਅੰਦੋਲਨ ਦੇ ਹੱਕ ਵਿੱਚ ਵਿਖਾਵੇ ਕੀਤੇ।
ਵਿਸ਼ਵ ਦੇ 50 ਤੋਂ ਵੱਧ ਮੁਲਕਾਂ ਵਿੱਚ ਕਿਸਾਨਾਂ ਨਾਲ ਇੱਕਮੁੱਠਤਾ ਦਿਖਾਈ। ਸੜਕਾਂ ਉੱਪਰ ਨਿਕਲ ਕੇ ਲਗਾਤਾਰ ਮੁਜ਼ਾਹਰੇ ਕਰਦੇ ਰਹੇ। ਇੰਗਲੈਂਡ ਵਿੱਚ ਲੰਡਨ ਦੀਆਂ ਸੜਕਾਂ ਉੱਪਰ ਕਿਸਾਨਾਂ ਦੇ ਹੱਕ ਵਿੱਚ ਲਗਾਤਾਰ ਲੋਕ ਖੜਦੇ ਰਹੇ। ਦੂਜੇ ਸ਼ਹਿਰਾਂ ਤੋਂ ਲੰਡਨ ਨੂੰ ਬੱਸਾਂ ਭਰ-ਭਰ ਪਹੁੰਚੀਆਂ। ਨਵੰਬਰ ਦੇ ਪਹਿਲੇ ਹਫ਼ਤੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਗਲੈਂਡ ਵਿੱਚ ਇੱਕ ਸੰਮੇਲਨ ਵਿੱਚ ਹਿੱਸਾ ਲੈਣ ਗਏ ਤਾਂ ਹਜ਼ਾਰਾਂ ਲੋਕਾਂ ਨੇ ਕਿਸਾਨਾਂ ਦੀ ਗੱਲ ਸੁਣਨ ਦੀ ਅਪੀਲ ਕੀਤੀ।
ਇੰਗਲੈਂਡ ਦੀ ਪਾਰਲੀਮੈਂਟ ਵਿੱਚ ਇਸ ਵੇਲੇ ਡੇਢ ਦਰਜਨ ਦੇ ਕਰੀਬ ਭਾਰਤੀ ਮੂਲ ਦੇ ਐੱਮਪੀ ਹਨ ਜਿਹੜੇ ਕਿਸਾਨਾਂ ਦੇ ਹੱਕ ਵਿੱਚ ਢਾਲ ਬਣ ਕੇ ਖੜੇ। ਸਲੋ ਤੋਂ ਐੱਮਪੀ ਅਤੇ ਰੇਲਵੇ ਮੰਤਰੀ ਤਨਮਨਜੀਤ ਸਿੰਘ ਢੇਸੀ ਨੇ ਤਾਂ ਯੋਜਨਾਬੱਧ ਤਰੀਕੇ ਨਾਲ ਇੱਕ ਲਹਿਰ ਖੜੀ ਕਰ ਦਿੱਤੀ। ਉੱਥੋਂ ਦੀ ਸੰਸਦ ਵਿੱਚ ਤਿੰਨ ਖੇਤੀ ਕਾਨੂੰਨਾਂ ਉੱਤੇ ਡੇਢ ਘੰਟੇ ਦੀ ਬਹਿਸ ਹੋਈ ਜੋ ਆਪਣੇ ਆਪ ਵਿੱਚ ਉਦਾਹਰਨ ਬਣੀ। ਕੈਨੇਡਾ ਵਿੱਚ ਪ੍ਰਵਾਸੀ ਭਾਰਤੀ ਪੰਜਾਬੀਆਂ ਦੀ ਗਿਣਤੀ ਸਿਆਸਤ ਵਿੱਚ ਫੈਸਲਾਕੁੰਨ ਰੋਲ ਅਦਾ ਕਰ ਰਹੀ ਹੈ। ਉਨ੍ਹਾਂ ਨੇ ਉੱਥੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਜ਼ਬੂਰ ਕਰ ਦਿੱਤਾ ਕਿ ਉਹ ਸਰਕਾਰ ਨਾਲ ਗੱਲਬਾਤ ਤੋਰਨ। ਕੈਨੇਡਾ ਤੋਂ ਜਗਮੀਤ ਸਿੰਘ ਅਤੇ ਸੇਂਟ ਜੋਹਨ ਈਸਟ ਤੋਂ ਜੈਕ ਹੈਰਿਸ ਨੇ ਇਕ ਤਰ੍ਹਾਂ ਨਾਲ ਸਰਕਾਰ ਨੂੰ ਟਵੀਟ ਕਰਕੇ ਲਾਹਨਤਾਂ ਪਾਈਆਂ। ਬਰੈਂਪਟਨ ਈਸਟ ਤੋਂ ਮੈਂਬਰ ਪਾਰਲੀਮੈਂਟ ਗੁਰਤਾਰਨ ਸਿੰਘ ਨੇ ਪਾਰਲੀਮੈਂਟ ਵਿੱਚ ਹੱਥ ਖੜ੍ਹਾ ਕਰਕੇ ਭਾਰਤ ਸਰਕਾਰ ਨੂੰ ਤਾਅਨੇ ਦਿੱਤੇ। ਅਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ ਵੀ ਕਿਸਾਨਾਂ ਦਾ ਮਸਲਾ ਗੂੰਜਿਆ ਅਤੇ ਕਿਸਾਨਾਂ ਨੂੰ ਇਨਸਾਫ ਦੇਣ ਦੀ ਅਪੀਲ ਕੀਤੀ। ਅਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿੱਚ ਲੋਕ ਚੌਂਕਾਂ ਉੱਤੇ ਖੜ ਕੇ ਹਮਾਇਤ ਦਿੰਦੇ ਰਹੇ।
ਇੱਕ ਹੋਰ ਜਾਣਕਾਰੀ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਵਿਦੇਸ਼ ਵਿੱਚ ਵੱਸਦੇ ਦੋ ਕਰੋੜ ਭਾਰਤੀਆਂ ਵਿੱਚੋਂ 50 ਲੱਖ ਤਾਂ ਅਮਰੀਕਾ ਵਿੱਛ ਰਹਿ ਰਹੇ ਹਨ। ਇਨ੍ਹਾਂ ਵਿੱਚੋਂ ਦੋ ਲੱਖ ਤੋਂ ਵੱਧ ਗਿਣਤੀ ਸਿੱਖਾਂ ਦੀ ਹੈ। 10 ਲੱਖ ਦੇ ਕਰੀਬ ਸਿੱਖ ਇੰਗਲੈਂਡ ਅਤੇ ਕੈਨੇਡਾ ਵਿੱਚ ਵੱਸ ਰਹੇ ਹਨ। ਇੱਥੇ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਦੀ ਜੇਤੂ ਸਪੀਚ ਦਾ ਹਵਾਲਾ ਦਿੱਤੇ ਬਿਨਾਂ ਗੱਲ ਅਧੂਰੀ ਰਹਿ ਜਾਵੇਗੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਤਿੰਨ ਖੇਤੀ ਕਾਨੂੰਨ ਲਈ ਐਵੇਂ ਕਿਵੇਂ ਮਜ਼ਬੂਰ ਨਹੀਂ ਹੋਇਆ।
ਰਾਜੇਵਾਲ ਅਨੁਸਾਰ ਮੋਦੀ ਨੇ ਉਦੋਂ ਹੀ ਖੇਤੀ ਕਾਨੂੰਨ ਵਾਪਸ ਲੈਣ ਦਾ ਮਨ ਬਣਾ ਲਿਆ ਸੀ ਜਦੋਂ ਵਿਦੇਸ਼ ਦੀ ਧਰਤੀ ਉੱਤੇ ਇੱਕ ਹੋਏ ਸਮਾਗਮ ਦੌਰਾਨ 90 ਦੇਸ਼ਾਂ ਦੇ ਨੁਮਾਇੰਦਿਆਂ ਨੇ ਉਸਦੇ ਭਾਸ਼ਣ ਦਾ ਬਾਈਕਾਟ ਕਰ ਦਿੱਤਾ ਜਦੋਂ ਉਨ੍ਹਾਂ ਦੇ ਹੱਥਾਂ ਵਿੱਚ ਇੱਕ ਪੇਪਰ ਪਹੁੰਚਿਆ ਕਿ ਇਹ ਉਹ ਸ਼ਖਸ ਹੈ ਜਿਸਨੇ ਪਹਿਲਾਂ ਗੁਜਰਾਤ ਵਿੱਚ ਦੰਗੇ ਕਰਵਾਏ ਸਨ। ਉਸ ਤੋਂ ਬਾਅਦ ਯੂਪੀ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਬਾਰੇ ਕਰਾਏ ਸਰਵੇਖਣਾਂ ਨੇ ਮੋਦੀ ਦੀ ਨੀਂਦ ਹੀ ਨਹੀਂ ਉਡਾਈ ਸਗੋਂ ਉਸਨੂੰ ਮਾਨਸਿਕ ਤੌਰ ‘ਤੇ ਹੇਠਾਂ ਵੀ ਡੇਗ ਦਿੱਤਾ। ਯੂਪੀ ਬਾਰੇ ਕਰਵਾਏ ਦੋ ਸਰਵੇਖਣਾਂ ਦੀ ਪਿਛਲੀ ਰਿਪੋਰਟ ਦੇ ਅੰਕੜੇ ਸਾਫ਼ ਦੱਸ ਰਹੇ ਸਨ ਕਿ ਬਰਾਸਤਾ ਯੂਪੀ ਪ੍ਰਧਾਨ ਮੰਤਰੀ ਦੇ ਕੁਰਸੀ ਨੂੰ 2024 ਵਿੱਚ ਹੱਥ ਨਹੀਂ ਪੈਣ ਵਾਲਾ ਹੈ। ਸੱਤਾ ਖੁੱਸਣ ਦੇ ਡਰੋਂ ਤੜਪੇ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਆਪਣੇ ਲੁੰਗ ਲਾਣੇ ਨਾਲ ਸਲਾਹ ਕੀਤੇ ਬਗੈਰ ਹੀ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ।
ਤਿੰਨ ਖੇਤੀ ਕਾਨੂੰਨ ਥੋਪਣ ਨਾਲ ਜਿੱਥੇ ਭਾਰਤ ਸਰਕਾਰ ਦੀ ਵਿਦੇਸ਼ਾਂ ਵਿੱਚ ਬਦਨਾਮੀ ਹੋਈ, ਉੱਥੇ ਵਿਦੇਸ਼ਾਂ ਵਿੱਚ ਵੱਸਦੇ ਪ੍ਰਵਾਸੀਆਂ ਦੀ ਹਮਾਇਤ ਨਾਲ ਕਿਸਾਨ ਅੰਦੋਲਨ ਜੇਤੂ ਹੋ ਨਿਕਲਿਆ ਹੈ। ਜਦੋਂ ਕਦੇ ਵੀ ਕਿਸਾਨ ਅੰਦੋਲਨ ਦੀ ਗੱਲ ਤੁਰੇਗੀ ਤਾਂ ਪ੍ਰਵਾਸੀ ਭਾਰਤੀਆਂ ਵੱਲੋਂ ਪਾਏ ਯੋਗਦਾਨ ਦੀ ਚਰਚਾ ਬਰਾਬਰ ਹੁੰਦੀ ਰਹੇਗੀ।