ਬਿਉਰੋ ਰਿਪੋਰਟ: ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ, ਫਰਵਰੀ 13 ਤੋਂ ਦਿੱਲੀ ਅੰਦੋਲਨ 2 ਦੀਆਂ ਮੰਗਾਂ ਤੇ ਜਾਰੀ ਸੰਘਰਸ਼ ਦਾ ਹਿੱਸਾ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਆ ਰਹੀਆਂ ਮੁਸ਼ਕਲਾਂ ਦੇ ਹੱਲ ਪ੍ਰਤੀ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਵਰਤੀ ਜਾ ਰਹੀ ਢਿੱਲ ਦੇ ਚੱਲਦਿਆਂ 26 ਤਰੀਕ ਨੂੰ ਪੂਰੇ ਪੰਜਾਬ ਦੇ ਵੱਡੇ ਸ਼ਹਿਰਾਂ ਨੂੰ ਜੋੜਦੇ ਮੁੱਖ ਮਾਰਗ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਜੇ 26 ਤਰੀਕ ਦੇ ਐਕਸ਼ਨ ਤੋਂ ਬਾਅਦ ਵੀ ਕੋਈ ਹੱਲ ਨਹੀਂ ਨਿਕਲਦਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਅਗਲੇ ਪ੍ਰੋਗਰਾਮ ਦਿੱਤੇ ਜਾਣਗੇ।
ਇਸ ਮੌਕੇ ਦੋਨਾਂ ਫੋਰਮਾਂ ਵੱਲੋਂ ਸੰਬੋਧਨ ਕਰਦਿਆਂ ਪੰਜਾਬ ਦੇ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਸੁਰਜੀਤ ਸਿੰਘ ਫੂਲ, ਸਤਨਾਮ ਸਿੰਘ ਬਹਿਰੂ ਅਤੇ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਜਿਸ ਕਦਰ ਸਰਕਾਰਾਂ ਵੱਲੋਂ ਝੋਨੇ ਦੀ ਖ਼ਰੀਦ ਨੂੰ ਬਹਾਨੇ ਬਣਾ ਕੇ ਉਲਝਾਇਆ ਗਿਆ ਹੈ, ਓਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਸਰਕਾਰਾਂ ਕਿਸਾਨਾਂ ਨੂੰ ਸਰਕਾਰੀ ਖ਼ਰੀਦ ਤੋਂ ਹਤਾਸ਼ ਕਰਕੇ ਪ੍ਰਾਈਵੇਟ ਖਿਡਾਰੀਆਂ ਦੇ ਅੱਗੇ ਸ਼ਿਕਾਰ ਵਾਂਗ ਸੁੱਟਣ ਦੀ ਨੀਤੀ ਤਹਿਤ ਕੰਮ ਕਰ ਰਹੀਆਂ ਹਨ, ਜਿਸ ਦੇ ਚਲਦੇ ਮੋਗਾ, ਸੰਗਰੂਰ, ਫਗਵਾੜਾ ਅਤੇ ਬਟਾਲਾ ਵਿੱਚ ਸੜਕੀ ਆਵਾਜਾਈ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਸਰਕਾਰਾਂ ਦਾ ਰਵੱਈਆ ਦੇਖ ਕੇ ਲੱਗ ਰਿਹਾ ਹੈ ਕਿ ਜਿਵੇਂ ਪੰਜਾਬ ਜਾਂ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਝੋਨਾ ਪੈਦਾ ਹੋਇਆ ਹੈ, ਜਿਸ ਦੀ ਪ੍ਰੋਕਓਰਮੇਂਟ ਵਿੱਚ ਏਨਾ ਓਬ੍ਹੜਪਨ ਦਿਖਾਇਆ ਜਾ ਰਿਹਾ ਹੈ। ਹਾਲਾਤਾਂ ਤੋਂ ਲੱਗ ਰਿਹਾ ਹੈ ਸਰਕਾਰਾਂ ਦੀ ਇੱਛਾ ਸ਼ਕਤੀ ਹੀ ਨਹੀਂ ਹੈ ਜਿਸ ਕਾਰਨ ਅਗਾਂਹੂ ਪ੍ਰਬੰਧ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਹਾਲਾਤਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਦਿੱਲੀ ਅੰਦੋਲਨ 2 ਵਿੱਚ ਰੱਖੀ ਗਈ MSP ’ਤੇ ਖ਼ਰੀਦ ਦਾ ਗਰੰਟੀ ਕਨੂੰਨ ਬਣਾਉਣ ਦੀ ਮੰਗ ਕਿੰਨੀ ਵਾਜ਼ਿਬ ਹੈ, ਅੱਜ ਅਗਰ ਇਹ ਕਾਨੂੰਨ ਹੁੰਦਾ ਤਾਂ ਕੋਈ ਵਪਾਰੀ ਤਹਿ ਮਾਪਦੰਡ ਪੂਰੇ ਕਰਦੀ ਫ਼ਸਲ ਨੂੰ ਕੌਡੀਆਂ ਦੇ ਭਾਅ ਨਹੀਂ ਸੀ ਖ਼ਰੀਦ ਸਕਦਾ।
ਉਨ੍ਹਾਂ ਕਿਹਾ ਕਿ ਕਿਸਾਨ 185 ਲੱਖ ਟਨ ਝੋਨਾ ਪੈਦਾ ਕਰਕੇ 44 ਹਜ਼ਾਰ ਕਰੋੜ ਦਾ ਹਿੱਸਾ ਇਕਾਨਮੀ ’ਚ ਪਾ ਰਿਹਾ ਹੈ ਪਰ ਇਸ ਨਾਲ ਸਰਕਾਰਾਂ ਵੱਲੋਂ ਮਤਰੇਈ ਮਾਂ ਨਾਲੋਂ ਵੀ ਬੁਰਾ ਸਲੂਕ ਕੀਤਾ ਜਾ ਰਿਹਾ ਹੈ। ਇੱਕ ਪਾਸੇ ਕਿਸਾਨ ਨੂੰ ਮੰਡੀ ’ਚ ਰੋਲ਼ਿਆ ਜਾ ਰਿਹਾ ਦੂਜੇ ਪਾਸੇ ਪਰਾਲੀ ਸਾਂਭਣ ਲਈ ਕਿਸਾਨ 15-15 ਦਿਨ ਉਡੀਕਣ ਦੇ ਬਾਵਜੂਦ ਸਰਕਾਰ ਬੇਲਰ ਮੁਹਈਆ ਕਰਵਾਉਣ ਵਿੱਚ ਨਾਕਾਮ ਹੋ ਰਹੀ ਹੈ, ਪਰ ਮਜਬੂਰੀ ਵੱਸ ਅੱਗ ਲਗਾਉਣ ’ਤੇ ਪੁਲਿਸ ਕੇਸ ਦਰਜ਼ ਕੀਤੇ ਜਾ ਰਹੇ ਹਨ ਅਤੇ ਰੈੱਡ ਇੰਟਰੀਆਂ ਕੀਤੀਆਂ ਜਾ ਰਹੀਆਂ ਹਨ।
ਕਿਸਾਨ ਆਗੂਆਂ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਅਗਰ ਪ੍ਰਬੰਧ ਨਹੀਂ ਕਰ ਸਕਦੀ ਤਾਂ ਇਹ ਕਾਰਵਾਈ ਬੰਦ ਕਰੇ। ਉਹਨਾਂ ਕਿਹਾ ਕਿ ਪੰਜਾਬ ਨੂੰ 5.25 ਮੀਟ੍ਰਿਕ ਲੱਖ ਟਨ DAP ਖਾਦ ਦੀ ਜਰੂਰਤ ਹੈ ਜਦਕਿ ਮੌਜੂਦਾ ਸਮੇਂ 1.25 ਲੱਖ ਟਨ ਹੀ ਮੌਜੂਦ ਹੈ ਅਤੇ ਆਮ ਨਾਲੋਂ 50% ਵੱਧ ਮੁੱਲ ’ਤੇ ਮਿਲ ਰਹੀ ਹੈ ਅਤੇ ਨਾਲ ਹੋਰ ਫਾਲਤੂ ਕੈਮੀਕਲ ਖਾਦਾਂ ਧੱਕੇ ਨਾਲ ਟੈਗ ਕਰਕੇ ਦਿੱਤੀਆਂ ਜਾ ਰਹੀਆਂ ਹਨ।